ਪਰਸ਼ੋਤਮ ਬੱਲੀ
ਬਰਨਾਲਾ, 18 ਜੁਲਾਈ
ਕੇਂਦਰ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਮੁੱਕਰਨ ਤੇ ਵਾਅਦਾ ਖਿਲਾਫ਼ੀ ਦੇ ਵਿਰੋਧ ’ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਬਰਨਾਲਾ ਅਨਾਜ ਮੰਡੀ ਵਿਖੇ ਭਰਵੀਂ ਜ਼ਿਲ੍ਹਾ ਪੱਧਰੀ ਕਿਸਾਨ ਕਨਵੈਨਸ਼ਨ ਕੀਤੀ ਗਈ। ਆਗੂਆਂ ਨੇ ਕਿਹਾ ਕਿ ਇਹ ਕਨਵੈਨਸ਼ਨ 18 ਤੋਂ 30 ਜੁਲਾਈ ਤੱਕ ਪੂਰੇ ਪੰਜਾਬ ਅੰਦਰ ਕੀਤੀਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਦੀ ਕੜੀ ਵਜੋਂ ਕੀਤੀ ਗਈ ਹੈ। ਅਗਲੇ ਪੜਾਅ ਵਜੋਂ ਕੇਂਦਰੀ ਅਗਨੀਪੱਥ ਸਕੀਮ ਵਿਰੁੱਧ, ਐੱਮਐੱਸਪੀ ਦੀ ਗਾਰੰਟੀ, ਕਿਸਾਨਾਂ ਵਿਰੁੱਧ ਦਰਜ ਝੂਠੇ ਕੇਸ ਰੱਦ ਕਰਨ, ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ, ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਖਾਰਜ ਨਾ ਕਰਨ ਦੇ ਵਿਰੋਧ ਵਿੱਚ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 11 ਤੋਂ 3 ਵਜੇ ਤੱਕ ਰੇਲਾਂ ਅਤੇ ਸੜਕੀ ਆਵਾਜਾਈ ਜਾਮ ਕੀਤੀ ਜਾਵੇਗੀ। ਮੰਚ ਸੰਚਾਲਣ ਗੁਰਦੇਵ ਸਿੰਘ ਮਾਂਗੇਵਾਲ ਨੇ ਕੀਤਾ। ਬੁਲਾਰਿਆਂ ’ਚ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਧਨੇਰ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਭਾਕਿਯੂ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਸੰਪੂਰਨ ਸਿੰਘ ਚੂੰਘਾਂ, ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਪਵਿੱਤਰ ਲਾਲੀ ਕਾਲਸਾਂ, ਸ਼ਿੰਗਾਰਾ ਸਿੰਘ, ਮਨਵੀਰ ਕੌਰ, ਜਸਮੇਲ ਸਿੰਘ ਕਾਲੇਕੇ, ਜਗਸੀਰ ਸਿੰਘ ਛੀਨੀਵਾਲ, ਦਰਸ਼ਨ ਸਿੰਘ ਰਾਏਸਰ, ਮੋਹਨ ਸਿੰਘ ਰੂੜੇਕੇ ਕਲਾਂ ,ਰਣਜੀਤ ਸਿੰਘ ਰੂੜੇਕੇ ਲੱਖੋਵਾਲ, ਦਰਸ਼ਨ ਸਿੰਘ ਉੱਗੋਕੇ, ਮਨਜੀਤ ਰਾਜ, ਗੁਰਮੇਲ ਸ਼ਰਮਾ, ਉਜਾਗਰ ਸਿੰਘ ਬੀਹਲਾ, ਕੁਲਦੀਪ ਸਿੰਘ ਆਦਿ ਸ਼ਾਮਲ ਸਨ।