ਕਿਸਾਨ ਜਥਿਆਂ ਦਾ ਦਿੱਲੀ ਜਾਣ ਦਾ ਸਿਲਸਿਲਾ ਜਾਰੀ

ਮਾਲਵਾ ਦੇ ਵੱਖ ਵੱਖ ਇਲਾਕਿਆਂਂਂ ’ਚੋਂ ਵੱਡੀ ਗਿਣਤੀ ਕਿਸਾਨਾਂ ਦੇ ਜਥੇ ਦਿੱਲੀ ਰਵਾਨਾ

ਕਿਸਾਨ ਜਥਿਆਂ ਦਾ ਦਿੱਲੀ ਜਾਣ ਦਾ ਸਿਲਸਿਲਾ ਜਾਰੀ

ਮਾਨਸਾ ਤੋਂ ਦਿੱਲੀ ਰਵਾਨਗੀ ਦੌਰਾਨ ਨਾਅਰੇਬਾਜ਼ੀ ਕਰਦਾ ਹੋਇਆ ਕਿਸਾਨਾਂ ਦਾ ਜੱਥਾ। -ਫੋਟੋ:ਸੁਰੇਸ਼

ਜੋਗਿੰਦਰ ਸਿੰਘ ਮਾਨ

ਮਾਨਸਾ, 2 ਦਸੰਬਰ

ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਮਾਨਸਾ ਸ਼ਹਿਰ ਦੇ ਵਾਰਡ ਨੰ: 17 ਵਿੱਚੋਂ  ਨੌਜਵਾਨਾਂ ਦਾ ਜੱਥਾ ਦਿੱਲੀ ਕਿਸਾਨ ਮੋਰਚੇ ’ਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਪੰਜਾਬ  ਕਿਸਾਨ ਯੂਨੀਅਨ ਦੇ ਆਗੂ ਮੱਖਣ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਕਿਸਾਨ  ਮਾਰੂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੇ  ਹੌਸਲੇ ਵਧਾਉਣ ਲਈ 40 ਨੌਜਵਾਨਾਂ ਦਾ ਇੱਕ ਜੱਥਾ ਅੱਜ ਵਾਰਡ ਨੰ: 17 ਵਿੱਚੋਂ ਕਿਸਾਨ ਮੋਰਚੇ  ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਜਦੋਂ ਤੱਕ ਰੱਦ ਨਹੀਂ ਕਰਵਾ  ਲੈਂਦੇ ਤੱਦ ਤੱਕ ਪੰਜਾਬ ਤੇ ਵੱਖ-ਵੱਖ ਸੂਬਿਆਂ ’ਚੋਂ ਰਾਸ਼ਨ ਪਾਣੀ ਤੇ ਜੱਥੇ ਦਿੱਲੀ ਕਿਸਾਨ  ਮੋਰਚੇ ਵਿੱਚ ਜਾਂਦੇ ਰਹਿਣਗੇ। ਇਨਕਲਾਬੀ ਨੌਜਵਾਨ ਸਭਾ ਦੇ ਆਗੂ ਬਿੰਦਰ ਅਲਖ਼ ਨੇ ਕਿਹਾ ਕਿ ਮੋਦੀ ਸਰਕਾਰ ਜੋ ਆਪਣੇ-ਆਪ ਨੂੰ ਕਿਸਾਨ ਹਮਾਇਤੀ ਦੱਸਦੀ ਹੈ,ਪਰ ਕਿਸਾਨ ਕਈ ਮਹੀਨਿਆਂ  ਤੋਂ ਸੜਕਾਂ ‘ਤੇ ਰੁਲਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ  ਨੈਤਿਕਤਾ ਦੇ ਅਧਾਰ ‘ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ  ਕਿਸਾਨਾਂ ਨੂੰ ਨਕਸਲੀ,ਖਾਲਸਤਾਨੀ ਕਹਿਣਾ ਬੰਦ ਕਰੇ ਅਤੇ ਕਿਸਾਨਾਂ ਤੋਂ ਮੁਆਫੀ ਮੰਗੇ। ਇਸ ਮੌਕੇ ਗੁਰਪ੍ਰੀਤ ਸਿੰਘ ਮੋਨੀ, ਰਾਜਵਿੰਦਰ ਰਾਣਾ, ਬੱਬੀ ਦਾਨੇਵਾਲੀਆ, ਗੁਰਚਰਨ ਸਿੰਘ, ਗੁਰਜੰਟ ਸਿੰਘ ਮਾਨਸਾ, ਹਰਦਮ ਸਿੰਘ, ਗੁਰਮੀਤ ਸਿੰਘ ਨੰਦਗੜ ਵੀ ਹਾਜ਼ਰ ਸਨ।

ਨਥਾਣਾ (ਪੱਤਰ ਪ੍ਰੇਰਕ): ਠੰਢ ਦੇ ਵਧ ਰਹੇ ਪ੍ਰਭਾਵ ਦੇ ਬਾਵਜੂਦ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਕਿਸਾਨ ਵਰਕਰਾਂ ਦੇ ਜੋਸ਼ ਵਿੱਚ ਕੋਈ ਕਮੀ ਨਹੀਂ ਆ ਰਹੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਮਿਆਂ ਦਾ ਇੱਕ ਵੱਡਾ ਗਰੁੱਪ ਨਥਾਣਾ ਤੋਂ ਇੱਕ ਮਿੰਨੀ ਬੱਸ ਰਾਹੀਂ ਦਿੱਲੀ ਦੇ ਟਿਕਰੀ ਬਾਰਡਰ ਵਾਸਤੇ ਰਵਾਨਾ ਹੋਇਆ। ਇਸ ਬੱਸ ਦੇ ਨਾਲ ਦੋ ਗੱਡੀਆਂ ਵੀ ਭੇਜੀਆਂ ਗਈਆਂ। ਰਵਾਨਾ ਹੋਣ ਸਮੇਂ ਕਿਸਾਨ ਵਰਕਰ ਆਪਣੇ ਨਾਲ ਲੋੜੀਦੀ ਰਾਸ਼ਨ ਸਮੱਗਰੀ, ਗਰਮ ਕੱਪੜੇ ਅਤੇ ਦਵਾਈਆਂ ਵੀ ਲੈ ਕੇ ਗਏ ਹਨ। ਕਿਸਾਨ ਵਰਕਰਾਂ ਨੇ ਪੂਰੇ ਹੌਸਲੇ ਅਤੇ ਭਰੋਸੇ ਨਾਲ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਵਾ ਕੇ ਹੀ ਵਾਪਸ ਪਰਤਣਗੇ। ਉਨ੍ਹਾਂ ਹੋਰਨਾਂ ਪਿੰਡਾਂ ਦੇ ਕਿਸਾਨ ਵਰਕਰਾਂ ਨੂੰ ਅਪੀਲ ਕੀਤੀ ਕਿ ਦਿੱਲੀ ਧਰਨੇ ‘ਚ ਬੈਠੇ ਕਿਸਾਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਵਧ ਤੋਂ ਵਧ ਵਰਕਰ ਕਾਫਲੇ ਬੰਨ੍ਹ ਕੇ ਦਿੱੱਲੀ ਪੁੱਜਣ। 

ਸ਼ਹਿਣਾ (ਪੱਤਰ ਪੇ੍ਰਕ): ਕਸਬਾ ਸ਼ਹਿਣਾ ’ਚੋਂ 4 ਹੋਰ ਕਾਫਲੇ ਕਿਸਾਨੀ ਸੰਘਰਸ਼ ‘ਚ ਭਾਗ ਲੈਣ ਲਈ ਦਿੱਲੀ ਗਏ ਹਨ। ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਕਸਬੇ ਸ਼ਹਿਣਾ ’ਚੋਂ 7 ਕਾਫਲੇ ਟਰੈਕਟਰ ਟਰਾਲੀਆਂ ‘ਤੇ ਪਹਿਲਾਂ ਹੀ 26 ਨਵੰਬਰ ਤੋਂ ਦਿੱਲੀ ਗਏ ਹੋਏ ਹਨ। ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਦੂਜਾ ਜੱਥਾ ਟਰੈਕਟਰ ਟਰਾਲੀਆਂ ‘ਤੇ ਰਵਾਨਾ ਹੋਇਆ। ਕਿਸਾਨ ਯੂਨੀਅਨ ਲੱਖੋਵਾਲ ਦਾ ਦੂਸਰਾ ਕਾਫਲਾ ਵੀ ਦਿੱਲੀ ਲਈ ਰਵਾਨਾ ਹੋ ਗਿਆ ਹੈ। ਦੂਜੇ ਪਾਸੇ ਗ੍ਰਾਮ ਪੰਚਾਇਤ ਸ਼ਹਿਣਾ ਨੇ ਵੀ ਆਉਂਦੇ ਦਿਨਾਂ ‘ਚ ਕਿਸਾਨੀ ਸੰਘਰਸ਼ ’ਚ ਭਾਗ ਲੈਣ ਲਈ ਦਿੱਲੀ ਜਾਣ ਦਾ ਫੈਸਲਾ ਕੀਤਾ ਹੈ।

ਕਾਲਾਂਵਾਲੀ (ਪੱਤਰ ਪੇ੍ਰਕ): ਖੇਤਰ ਦੇ ਪਿੰਡਾਂ ਵਿੱਚੋਂ ਦਿੱਲੀ ਦੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਜਥੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਪਿੰਡ ਚੋਰਮਾਰ ਖੇੜਾ ਵਿੱਚੋਂ ਕਿਸਾਨਾਂ ਦਾ ਚੌਥਾ ਜਥਾ ਰਵਾਨਾ ਹੋਇਆ ਹੈ। ਪਿੰਡ ਚੋਰਮਾਰ ਦੇ ਕਿਸਾਨ ਜਗਸੀਰ ਸਿੰਘ ਅਤੇ ਗੁਰਮੀਤ ਸਿੰਘ ਰੂਹਲ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚੋਂ ਹੁਣ ਤੱਕ ਚਾਰ ਜੱਥੇ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ। ਚੌਥਾ ਜਥਾ ਅੱਜ ਰਵਾਨਾ ਹੋਇਆ ਹੈ। ਇਸ ਜਥੇ ਵਿੱਚ ਸ਼ਾਮਲ ਕਿਸਾਨ ਆਪਣੇ ਨਾਲ ਵੱਡੀ ਮਾਤਰਾ ਵਿੱਚ ਰਾਸ਼ਨ ਲੈ ਕੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੀ ਹੋਰ ਜਥੇ ਵੀ ਸਮੇਂ ਸਮੇਂ ‘ਤੇ ਦਿੱਲੀ ਲਈ ਰਵਾਨਾ ਹੋਣਗੇ।  ਇਸੇ ਤਰ੍ਹਾਂ ਹੀ ਖੇਤਰ ਦੇ ਪਿੰਡ ਤਿਲੋਕੇਵਾਲਾ ਤੋਂ ਕਿਸਾਨਾਂ ਦਾ ਇੱਕ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਦੀ ਅਗਵਾਈ ਵਿੱਚ ਦਿੱਲੀ ਲਈ ਰਵਾਨਾ ਹੋਇਆ। ਇਸ ਜਥੇ ਵਿੱਚ ਸ਼ਾਮਲ ਕਿਸਾਨਾਂ ਨੇ ਦਿੱਲੀ ਕੂਚ ਤੋਂ ਪਹਿਲਾਂ ਕਿਸਾਨਾਂ ਦੀ ਜਿੱਤ ਲਈ ਗੁਰਦੁਆਰਾ ਸ੍ਰੀ ਨਿਰਮਲਸਰ ਤਿਲੋਕਵਾਲਾ ਵਿਖੇ ਅਰਦਾਸ ਕੀਤੀ ਅਤੇ ਇਸ ਤੋਂ ਬਾਅਦ ਦਿੱਲੀ ਵੱਲ ਕੂਚ ਕੀਤਾ। 

ਦਿੱਲੀ ਲਈ ਰਾਸ਼ਨ, ਪਾਣੀ, ਬਿਸਤਰੇ ਤੇ ਸਰ੍ਹੋਂ ਦਾ ਸਾਗ ਭੇਜਿਆ

ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਦਿੱਲੀ ਵਿੱਚ ਕਿਸਾਨ ਸੰਘਰਸ਼ ਵਿੱਚ ਪਹੁੰਚੇ  ਕਿਸਾਨਾਂ, ਸਮਰੱਥਕਾਂ ਦੀ ਪਿੰਡਾਂ ਵਿੱਚ ਚੜ੍ਹਾਈ ਹੈ। ਨੌਜਵਾਨਾਂ ਤੇ ਕਿਸਾਨਾਂ ਵੱਲੋਂ ਜਿੱਥੇ ਉਨ੍ਹਾਂ ਦੇ ਪੈਲੀ-ਪੱਠੇ, ਘਰਾਂ ਆਦਿ ਦਾ ਖਿਆਲ ਰੱਖਿਆ ਜਾ ਰਿਹਾ ਹੈ ਉੱਥੇ ਦਿੱਲੀ ਗਏ ਕਿਸਾਨਾਂ ਲਈ ਰਾਸ਼ਨ ਪਾਣੀ, ਬਿਸਤਰੇ, ਸਾਗ  ਆਦਿ ਵੀ ਭੇਜਿਆ ਜਾ ਰਿਹਾ ਹੈ ਅਤੇ ਰੋਜ ਨਵੇਂ ਜਥੇ ਜਾ ਰਹੇ ਹਨ ਤਾਂ ਜੋ ਪਹਿਲਾਂ ਗਏ ਕਿਸਾਨ ਆਪਣੇ ਪਿੰਡ ਆ ਕੇ  ਖੇਤ ਬੰਨੇ ਦਾ ਗੇੜਾ ਮਾਰ ਜਾਣ। ਕਿਸਾਨ ਘੋਲ ਸਹਾਇਤਾ ਕਮੇਟੀ ਦੀ ਅਗਵਾਈ ਵਿੱਚ ਅੱਜ ਵੀਹ ਟਰੈਕਟਰ ਟਰਾਲੀਆਂ ’ਚ ਜਥੇ ਸਮੇਤ ਰਾਸ਼ਣ ਪਾਣੀ ਆਦਿ ਦਾ ਸਮਾਨ ਲੈਕੇ ਦਿੱਲੀ ਨੂੰ ਰਵਾਨਾ ਹੋਏ।  ਪਿੰਡ ਰੌਂਤਾ ਦੀ ਸਹਾਰਾ ਕਲੱਬ ਵੱਲੋਂ ਪਿੰਡ ਵਾਸੀਆ ਦੇ ਸਹਿਯੋਗ ਨਾਲ ਦਿੱਲੀ ਗਏ ਕਿਸਾਨਾਂ ਲਈ ਖਾਣ ਪੀਣ ਦਾ ਸੁੱਕਾ ਸਮਾਨ ,ਪਾਣੀ ਦੀਆਂ ਬੋੋਤਲਾਂ, ਗੱਦੇ, ਬਿਸਤਰੇ ਤੇ ਕੰਬਲ ਆਦਿ ਦਾ ਛੋਟਾ ਹਾਥੀ ਭਰ ਕੇ ਭੇਜਿਆ ਗਿਆ। ਪਿੰਡ ਰਾਮਾ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਵੱਲੋਂ ਤੀਜਾ ਜਥਾ ਦਿੱਲੀ ਲਈ ਭੇਜਿਆ ਗਿਆ। ਬੀਬੀਆਂ ਵੱਲੋਂ  ਤਿੰਨ ਕੁਇੰਟਲ ਸਰੋਂ ਦਾ ਸਾਗ ਬਣਾ ਕੇ ਭੇਜਿਆ ਗਿਆ। ਧਾਲੀਵਾਲ ਪੈਲੇਸ ਰਾਮਾ ਵੱਲੋਂ ਬਰੈੱਡ ਪਕੌੜੇ ਵੀ ਭੇਜੇ ਗਏ। ਬੀਬੀਆਂ ਵੱਲੋਂ ਰਾਮਾ ਵਿਖੇ ਢੋਲ ਮਾਰਚ ਕੱਢਿਆ ਗਿਆ। 

ਏਡੀਸੀ ਨੂੰ ਮੰਗ ਪੱਤਰ ਦਿੰਦੇ ਹੋਏ ਬਾਰ ਐਸੋਸੀਏਸ਼ਨ ਦੇ ਅਹੁਦੇਦਾਰ।

ਜ਼ਿਲ੍ਹਾ ਬਾਰ ਐਸੋਸੀਏਸ਼ਨ ਕਿਸਾਨਾਂ ਦੇ ਹੱਕ ਵਿੱਚ ਡਟੀ 

ਫ਼ਰੀਦਕੋਟ (ਨਿੱਜੀ ਪੱਤਰ ਪੇ੍ਰਕ): ਜ਼ਿਲ੍ਹਾ ਬਾਰ ਐਸੋਸੀਏਸ਼ਨ ਫਰੀਦਕੋਟ ਨੇ ਅੱਜ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਲੜ ਰਹੇ ਕਿਸਾਨਾਂ ਨੂੰ ਆਪਣੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਮੈਨੀ ਨੇ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਕਿਸਾਨਾਂ ਨੂੰ ਮਨਜ਼ੂਰ ਨਹੀਂ ਹਨ, ਇਸ ਲਈ ਇਨ੍ਹਾਂ ਕਾਨੂੰਨਾਂ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਮੈਂਬਰ ਨਿਰਮਲ ਸਿੰਘ ਔਲਖ, ਗੁਰਤਾਜ ਸਿੰਘ ਸੰਧੂ ਤੇ ਸਤਿੰਦਰਪਾਲ ਸਿੰਘ ਸੰਧੂ ਸਣੇ ਹੋਰਨਾਂ ਨੇ ਕਿਸਾਨੀ ਸੰਘਰਸ਼ ਦੀ ਹਿਮਾਇਤ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All