ਨਵਕਿਰਨ ਸਿੰਘ
ਮਹਿਲ ਕਲਾਂ, 26 ਸਤੰਬਰ
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪੱਕਾ ਧਰਨਾ ਜਾਰੀ ਹੈ। ਕਿਸਾਨ ਆਗੂਆਂ ਵੱਲੋਂ ਅੱਜ ਪੂਰਾ ਦਿਨ ਭਲਕੇ ਦੇ ਬੰਦ ਦੀ ਤਿਆਰੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਭਲਕੇ ਬਰਨਾਲਾ-ਲੁਧਿਆਣਾ ਮੁੱਖ ਮਾਰਗ ਸਮੇਤ ਸਾਰੇ ਦਫਤਰ, ਅਦਾਰੇ, ਦੁਕਾਨਾਂ ਨੂੰ ਮੁਕੰਮਲ ਬੰਦ ਕੀਤਾ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਮੇਲ ਠੁੱਲੀਵਾਲ, ਜਗਰਾਜ ਸਿੰਘ ਹਰਦਾਸਪੁਰਾ, ਰਾਜ ਸਿੰਘ ਕਲਾਲਾ, ਪਿਸ਼ੌਰਾ ਸਿੰਘ ਹਮੀਦੀ, ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ ਆਦਿ ਨੇ ਕਿਹਾ ਕਿ ਭਲਕੇ ਕਿਸਾਨ ਸਵੇਰੇ 6 ਵਜੇ ਮਹਿਲ ਕਲਾਂ ਵਿੱਚ ਇਕੱਤਰ ਹੋਣਗੇ, ਜਿਸ ਉਪਰੰਤ ਮੁੱਖ ਮਾਰਗ ਜਾਮ ਕੀਤਾ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਭਲਕੇ ਵੱਡੀ ਗਿਣਤੀ ’ਚ ਧਰਨਿਆਂ ’ਤੇ ਪਹੁੰਚਣ।
ਮਾਨਸਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ 27 ਸਤੰਬਰ ਦੇ ਭਾਰਤ ਬੰਦ ਦੀਆਂ ਮਾਲਵਾ ਖੇਤਰ ਵਿੱਚ ਸੰਪੂਰਨ ਤਿਆਰੀਆਂ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਥੇਬੰਦੀਆਂ ਨੇ ਇਸ ਮਾਮਲੇ ਲਈ ਪਿੰਡ-ਪਿੰਡ ਵਿੱਚ ਆਪੋ-ਆਪਣੀ ਜਥੇਬੰਦੀ ਦੇ ਵਰਕਰਾਂ ਨੂੰ ਡਿਊਟੀ ਸੌਂਪ ਦਿੱਤੀਆਂ ਹਨ। ਮਾਨਸਾ ਦੇ ਰੇਲਵੇ ਸਟੇਸ਼ਨ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੱਗੇ ਧਰਨੇ ਦੌਰਾਨ ਅੱਜ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਐਡਵੋਕੇਟ ਬਲਵੀਰ ਕੌਰ ਸਿੱਧੂ ਨੇ ਦੱਸਿਆ ਕਿ ਵਰਕਰਾਂ ਵਿੱਚ ਇਸ ਬੰਦ ਲਈ ਪੂਰਾ ਉਤਸ਼ਾਹ ਹੈ ਅਤੇ ਉਹ ਲਗਾਤਾਰ ਦੋ ਹਫ਼ਤਿਆਂ ਤੋਂ ਇਸ ਲਈ ਪਿੰਡ-ਪਿੰਡ ਲਾਮਬੰਦੀ ਕਰ ਰਹੇ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ(ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜਥੇਬੰਦੀ ਨੇ ਧਰਨਿਆਂ ਦੌਰਾਨ ਵਰਕਰਾਂ ਲਈ ਚਾਹ-ਪਾਣੀ, ਲੰਗਰ ਦਾ ਬਕਾਇਦਾ ਬੰਦੋਬਸਤ ਕੀਤਾ ਹੈ ਅਤੇ ਸੜਕਾਂ-ਰੇਲਾਂ ਦੇ ਜਾਮ ਕੀਤੀਆਂ ਜਾਣ ਵਾਲੀਆਂ ਥਾਵਾਂ ਉਤੇ ਬਕਾਇਦਾ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਦੇਸ਼ ਦੀ ਸੁੱਤੀ ਪਈ ਮੋਦੀ ਸਰਕਾਰ ਨੂੰ ਜਗਾਉਣ ਲਈ ਦਿੱਤੇ ਗਏ ਇਸ ਬੰਦ ਦੇ ਸੱਦੇ ਦੌਰਾਨ ਜਥੇਬੰਦੀਆਂ ਵੱਲੋਂ ਅਮਨ-ਸ਼ਾਤੀ ਕਾਇਮ ਰੱਖੀ ਜਾਵੇਗੀ।