ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ 16 ਜੂਨ
ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਵੱਲੋਂ ਗੇਟ ਲਗਾਤਾਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਪਿੰਡ ਤੇਜਾ ਰੁਹੇਲਾ ਦੇ ਚੌਕ ’ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਹਿਲਾਂ ਕਿਸਾਨਾਂ ਵੱਲੋਂ ਇਹ ਧਰਨਾ ਪਿੰਡ ਰੁਹੇਲਾ ਤੇਜਾ ਦੀ ਬੀਐੱਸਐੱਫ ਚੌਕੀ ਨੇੜੇ ਦਿੱਤਾ ਜਾਣਾ ਸੀ ਪਰ ਉੱਥੇ ਮੌਜੂਦ ਬੀਐੱਸਐੱਫ ਨੇ ਉਨ੍ਹਾਂ ਨੂੰ ਉੱਥੋਂ ਖਦੇੜ ਦਿੱਤਾ। ਇਸ ਮੌਕੇ ਬੀਐੱਸਐੱਫ ਵੱਲੋਂ ਕਿਸਾਨਾਂ ਅਤੇ ਪਿੰਡ ਵਾਸੀਆਂ ’ਤੇ ਲਾਠੀਚਾਰਜ ਦੀ ਕੋਸ਼ਿਸ਼ ਕੀਤੀ ਗਈ।
ਕਿਸਾਨ ਆਗੂ ਕਾਮਰੇਡ ਸ਼ੁਬੇਗ ਸਿੰਘ, ਸੀਤਾ ਸਿੰਘ ਬਲਾਕ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ, ਕੁਲਦੀਪ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਫਸਲਾਂ ਦੀ ਬਿਜਾਈ ਲਈ ਬੀਐੱਸਐੱਫ ਦੇ ਗੇਟ ਲਗਾਤਾਰ ਨਾ ਖੋਲ੍ਹਣ ਕਾਰਨ ਹਫ਼ਤਾ ਪਹਿਲਾਂ ਐੱਸਡੀਐੱਮ ਫਾਜ਼ਿਲਕਾ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ ਪਰ ਮੰਗ ਪੂਰੀ ਨਾ ਹੋਣ ’ਤੇ ਉਹ ਮੇਨ ਗੇਟ ਦੇ ਕਰੀਬ 500 ਮੀਟਰ ਦੂਰੀ ’ਤੇ ਧਰਨਾ ਦੇਣ ਜਾ ਰਹੇ ਸਨ। ਇਸ ਦੌਰਾਨ ਉੱਥੇ ਤਾਇਨਾਤ ਬੀਐੱਸਐੱਫ ਨੇ ਉਨ੍ਹਾਂ ਦੇ ਧਰਨਾ ਲਾਉਣ ਤੋਂ ਪਹਿਲਾਂ ਹੀ ਖਦੇੜ ਦਿੱਤਾ।
ਸੁਰੱਖਿਆ ਕਾਰਨ ਕਿਸਾਨਾਂ ਨੂੰ ਧਰਨਾ ਨਹੀਂ ਲਾਉਣ ਦਿੱਤਾ: ਬੀਐੱਸਐੱਫ
ਬੀਐੱਸਐੱਫ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਕਿਸਾਨਾਂ ਨੂੰ ਧਰਨਾ ਨਹੀਂ ਲਗਾਉਣ ਦਿੱਤਾ। ਜਦੋਂ ਉਨ੍ਹਾਂ ਨਾਲ ਲਾਠੀਚਾਰਜ ਨੂੰ ਲੈਕੇ ਗੱਲਬਾਤ ਕੀਤੀ ਗਈ ਤਾਂ ਅਧਿਕਾਰੀਆਂ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ।