ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 8 ਅਕਤੂਬਰ
ਨੇੜਲੇ ਪਿੰਡ ਧੌਲਾ ਦੇ 66 ਕੇਵੀ ਗਰਿੱਡ ਸਟੇਸ਼ਨ ਦੀ ਮਾੜੀ ਸਪਲਾਈ ਤੋਂ ਤੰਗ ਆਏ ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਧਰਨਾ ਲਗਾ ਪਾਵਰਕੌਮ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਇਸ ਮੌਕੇ ਕਿਸਾਨ ਆਗੂ ਬਲਜਿੰਦਰ ਸਿੰਘ ਧੌਲਾ, ਰੂਪ ਸਿੰਘ ਧੋਲਾ ਅਤੇ ਮੱਖਣ ਸਿੰਘ ਨੇ ਕਿਹਾ ਕਿ ਇਨ੍ਹੀਂ ਦਿਨੀਂ ਕਿਸਾਨਾਂ ਨੇ ਝੋਨੇ ਦੀ ਫਸਲ ਨੂੰ ਅਖੀਰਲਾ ਪਾਣੀ ਦੇਣਾ ਹੁੰਦਾ ਹੈ ਪਰ ਪਾਵਰਕੌਮ ਵੱਲੋਂ ਬਿਜਲੀ ਸਿਰਫ਼ ਪੰਜ ਤੋਂ ਛੇ ਘੰਟੇ ਮਸਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਖਰੀਲਾ ਪਾਣੀ ਸਹੀ ਸਮੇਂ ’ਤੇ ਨਾ ਲੱਗਣ ਕਾਰਨ ਝੋਨੇ ਦੀ ਫਸਲ ਨੂੰ ਸੋਕਾ ਵੀ ਲੱਗ ਸਕਦਾ ਹੈ। ਗੁੱਸੇ ਵਿਚ ਆਏ ਕਿਸਾਨਾਂ ਨੇ ਭਾਵੇਂ ਐਕਸੀਅਨ ਦੇ ਭਰੋਸੇ ਮਗਰੋਂ ਧਰਨਾ ਚੁੱਕ ਲਿਆ ਪਰ ਉਨ੍ਹਾਂ ਕਿਹਾ ਕਿ ਜੇ ਬਿਜਲੀ ਸਪਲਾਈ ਦੋ ਦਿਨਾਂ ਵਿਚ ਨਾ ਸੁਧਰੀ ਤਾਂ ਉਹ ਐਕਸੀਅਨ ਦਫ਼ਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਗੁਰਮੇਲ ਸਿੰਘ, ਮਨਪ੍ਰੀਤ ਸਿੰਘ ਹਾਜ਼ਰ ਸਨ। ਉੁਧਰ ਪਾਵਰਕੌਮ ਬਰਨਾਲਾ ਦੇ ਐਕਸੀਅਨ ਸੰਦੀਪ ਗੋਇਲ ਨੇ ਕਿਹਾ ਕਿ ਕੋਇਲੇ ਦੀ ਘਾਟ ਕਾਰਨ ਕੁਝ ਪਾਵਰ ਕੱਟ ਲੱਗ ਰਹੇ ਹਨ ਜਿਸ ਕਰਕੇ ਸਪਲਾਈ ਵਿਚ ਕਮੀ ਆਈ ਹੈ। ਸਪਲਾਈ ਵਿਚ ਸੁਧਾਰ ਲਈਉਪਰਲੇ ਅਧਿਕਾਰੀਆਂ ਨੂੰ ਸੁਨੇਹਾ ਲਗਾ ਦਿੱਤਾ ਹੈ, ਸੋ ਜਲਦੀ ਹਾਲਾਤ ਸੁਧਰ ਜਾਣਗੇ।
ਕਿਸਾਨਾਂ ਨੇ ਐਕਸੀਅਨ ਦਫ਼ਤਰ ਘੇਰਿਆ
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਬਿਜਲੀ ਦੀ ਮਾੜੀ ਸਪਲਾਈ ਖ਼ਿਲਾਫ਼ ਐਕਸੀਅਨ ਦਫ਼ਤਰ ਦਾ ਘਿਰਾਓ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਫ਼ਸਲ ਪੱਕਣ ਉੱਤੇ ਹੈ ਪਰ ਖੇਤੀ ਸੈਕਟਰ ਲਈ ਬਿਜਲੀ ਦਾ ਨਾ ਮਿਲਣ ਕਾਰਨ ਫ਼ਸਲ ਦੀ ਪੈਦਾਵਾਰ ਉੱਤੇ ਮਾੜਾ ਅਸਰ ਪਵੇਗਾ। ਕਿਸਾਨ ਆਗੂ ਬਲੌਰ ਸਿੰਘ ਘਾਲੀ ਤੇ ਹੋਰਾਂ ਨੇ ਦੱਸਿਆ ਕਿ ਖੇਤੀ ਸੈਕਟਰ ਦੀ ਬਿਜਲੀ ਦੀ ਭਾਰੀ ਕਿੱਲਤ ਹੈ। ਝੋਨੇ ਦੀ ਫਸਲ ਪੱਕ ਕੇ ਤਿਆਰ ਹੋ ਰਹੀ ਹੈ ਪਰ ਬਿਜਲੀ ਵਿਭਾਗ ਪੂਰੀ ਸਪਲਾਈ ਨਹੀਂ ਦੇ ਰਿਹਾ।