ਲਖਵੀਰ ਸਿੰਘ ਚੀਮਾ
ਟੱਲੇਵਾਲ, 5 ਜੂਨ
ਪਿੰਡ ਚੀਮਾ ਦੇ 66 ਕੇਵੀ ਗਰਿੱਡ ਤੋਂ ਬਰਨਾਲਾ ਦੀ ਜ਼ਿਲ੍ਹਾ ਜੇਲ੍ਹ ਨੂੰ ਬਿਜਲੀ ਸਪਲਾਈ ਦਿੱਤੇ ਜਾਣ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤਹਿਤ ਅੱਜ ਬੀਕੇਯੂ ਉਗਰਾਹਾਂ, ਬੀਕੇਯੂ ਡਕੌਂਦਾ ਅਤੇ ਬੀਕਯੂ ਕਾਦੀਆਂ ਦੇ ਆਗੂਆਂ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਜ਼ਾਹਰ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਦਰਸ਼ਨ ਸਿੰਘ, ਬਲਵੰਤ ਸਿੰਘ ਨੰਬਰਦਾਰ, ਗੁਰਮੀਤ ਸਿੰਘ ਨੰਬਰਦਾਰ, ਗੋਗੀ ਚੀਮਾ, ਲਖਵਿੰਦਰ ਸਿੰਘ ਅਤੇ ਸਾਧੂ ਸਿੰਘ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੇ ਆਪਣੀ ਪੰਚਾਇਤੀ ਜ਼ਮੀਨ ਮੁਫ਼ਤ ਗਰਿੱਡ ਬਣਾਉਣ ਲਈ ਦਿੱਤੀ ਸੀ। ਉਸ ਸਮੇਂ ਪਿੰਡ ਚੀਮਾ ਨੂੰ 24 ਘੰਟੇ ਘਰਾਂ ਲਈ ਅਤੇ ਖੇਤਾਂ ਲਈ ਅੱਠ ਘੰਟੇ ਬਿਜਲੀ ਸਪਲਾਈ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਜੋ ਵਫ਼ਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਜੇ ਵੀ 24 ਘੰਟੇ ਬਿਜਲੀ ਸਪਲਾਈ ਦੇ ਕੱਟ ਲੱਗਦੇ ਹਨ ਅਤੇ ਖੇਤਾਂ ਵਾਲੀਆਂ ਮੋਟਰਾਂ ਲਈ ਵੀ ਸਾਰੇ ਕਿਸਾਨਾਂ ਨੂੰ ਬਿਜਲੀ ਇਸ ਗਰਿੱਡ ਤੋਂ ਨਹੀਂ ਮਿਲ ਰਹੀ। ਪਿੰਡ ਦੇ ਬਹੁਤੇ ਕਿਸਾਨਾਂ ਨੂੰ ਖੇਤਾਂ ਲਈ ਬਿਜਲੀ ਪੱਖੋਕੇ ਗਰਿੱਡ ਤੋਂ ਮਿਲ ਰਹੀ ਹੈ, ਜੋ ਬਹੁਤ ਘੱਟ ਵੋਲਟੇਜ਼ ’ਤੇ ਆਉਂਦੀ ਹੈ। ਬਿਜਲੀ ਵਿਭਾਗ ਨੇ ਪਿੰਡ ਦੇ ਲੋਕਾਂ ਦੀ ਮੰਗ ਤਾਂ ਪੂਰੀ ਨਹੀਂ ਕੀਤੀ, ਬਲਕਿ ਇਸ ਗਰਿੱਡ ਤੋਂ ਸਪਲਾਈ ਬਰਨਾਲਾ ਜੇਲ੍ਹ ਤੱਕ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਪਿੰਡ ਦੇ ਕਿਸਾਨਾਂ ਦੀ ਬਿਜਲੀ ਮੰਗ ਪੂਰੀ ਨਹੀਂ ਕੀਤੀ ਜਾਂਦੀ, ਓਨਾਂ ਸਮਾਂ ਜੇਲ੍ਹ ਨੂੰ ਸਪਲਾਈ ਨਹੀਂ ਜਾਣ ਦਿੱਤੀ ਜਾਵੇਗੀ।