ਖੇਤਰੀ ਪ੍ਰਤੀਨਿਧ
ਬਰਨਾਲਾ, 14 ਸਤੰਬਰ
ਪੰਜਾਬ ਦੀਆਂ ਸੰਘਰਸ਼ਸ਼ੀਲ ਦਸ ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ (ਸੋਧ) ਬਿਲ-2020 ਖਿਲਾਫ ਦਾਣਾ ਮੰਡੀ ਬਰਨਾਲਾ ਵਿੱਚ ‘ਲਲਕਾਰ ਰੈਲੀ’ ਕਰਕੇ ਕੇਂਦਰੀ ਸਰਕਾਰ ਨੂੰ ਕਿਸਾਨਾਂ ਲਲਕਾਰਿਆ।
ਰੈਲੀ ਦੀ ਪ੍ਰਧਾਨਗੀ ਮਨਜੀਤ ਧਨੇਰ, ਬਲਕਰਨ ਬਰਾੜ, ਗੁਰਦੀਪ ਰਾਮਪੁਰਾ, ਗੁਰਨਾਮ ਭੀਖੀ, ਗੋਰਾ ਸਿੰਘ ਭੈਣੀਬਾਘਾ, ਭੁਪਿੰਦਰ ਲੌਂਗੋਵਾਲ ਆਦਿ ਆਗੂਆਂ ਨੇ ਕੀਤੀ। ਬੁਲਾਰਿਆਂ ‘ਚ ਸ਼ਾਮਿਲ ਬੂਟਾ ਸਿੰਘ ਬੁਰਜਗਿੱਲ, ਰੁਲਦੂ ਸਿੰਘ ਮਾਨਸਾ, ਪ੍ਰੋ. ਜੈਪਾਲ ਸਿੰਘ, ਬਲਦੇਵ ਸਿੰਘ ਨਿਹਾਲਗੜ੍ਹ, ਅਮਰਜੀਤ ਕੌਰ, ਜਸਵੀਰ ਕੌਰ ਨੱਤ ਤੇ ਚਰਨਜੀਤ ਕੌਰ ਨੇ ਕਿਹਾ ਕਿ ਕੇਂਦਰੀ ਮੋਦੀ ਹਕੂਮਤ ਨੇ ਕਰੋਨਾ ਸੰਕਟ ਦੇ ਦੌਰਾਨ 5 ਜੂਨ ਨੂੰ ਤਿੰਨ ਖੇਤੀ ਆਰਡੀਨੈਂਸ ਕਿਸਾਨ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਆਰਡੀਨੈਂਸ-2020, ਕੀਮਤ ਗਾਰੰਟੀ ਤੇ ਖੇਤੀ ਸੇਵਾਵਾਂ (ਸਸ਼ਕਤੀਕਰਨ ਅਤੇ ਸੁਰੱਖਿਆ) ਸਬੰਧੀ ਸਮਝੌਤਾ ਆਰਡੀਨੈਂਸ-2020, ਜ਼ਰੂਰੀ ਵਸਤਾਂ (ਸੋਧ) ਆਰਡੀਨੈਂਸ-2020 ਅਤੇ ਬਿਜਲੀ (ਸੋਧ) ਬਿਲ-2020 ਸਬੰਧੀ ਆਰਡੀਨੈਂਸ ਜਾਰੀ ਕਰਕੇ ਮੁਲਕ ਦੇ ਜਨਤਕ ਖੇਤਰ ਦੇ ਅਦਾਰੇ ਅਤੇ ਖੇਤੀ ਖੇਤਰ ਦਾ ਭੋਗ ਪਾਉਣ ਦਾ ਤਹੱਈਆ ਕੀਤਾ ਹੈ। ਜਦੋਂਕਿ ਦੇਸ਼ ਦੀ 86% ਛੋਟੀਆਂ ਜੋਤਾਂ (ਢਾਈ ਏਕੜ ਤੋਂ ਘੱਟ) ਵਾਲੀ ਕਿਸਾਨੀ ਪਹਿਲਾਂ ਹੀ ਗੰਭੀਰ ਸੰਕਟ ਵਿੱਚੋਂ ਲੰਘਦੀ ਖੁਦਕੁਸ਼ੀਆਂ ਦੇ ਰਾਹ ਪਈ ਹੋਈ ਹੈ। ਇਸੇ ਤਰ੍ਹਾਂ ਬਿਜਲੀ ਸੋਧ ਬਿੱਲ-2020 ਰਾਹੀਂ ਮੁਕੰਮਲ ਰੂਪ ਵਿੱਚ ਨਿੱਜੀਕਰਨ ਕਰਨ ਲਈ ਰਾਹ ਪੱਧਰਾ ਕਰ ਰਹੀ ਹੈ। ਬੁਲਾਰਿਆਂ ਤਿੰਨੇ ਖੇਤੀ ਵਿਰੋਧੀ ਆਰਡੀਨੈਂਸ ਅਤੇ ਬਿਜਲੀ ਸੋਧ ਬਿਲ-2020 ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਆਗੂ ਜਗਮੋਹਣ ਸਿੰਘ ਨੇ ਬੁੱਧੀਜੀਵੀਆਂ, ਵਕੀਲਾਂ, ਸਮਾਜਿਕ ਕਾਰਕੁਨਾਂ, ਦਲਿਤ ਚਿੰਤਕਾਂ, ਘੱਟ ਗਿਣਤੀਆਂ ਅਤੇ ਨਾਗਰਿਕਤਾ ਸੋਧ ਕਾਨੂੰਨ ਖਿਲ਼ਾਫ ਸੰਘਰਸ਼ ਕਰਨ ਵਾਲੇ ਕਾਰਕੁਨਾਂ ਅਤੇ ਸਿਆਸੀ ਆਗੂਆਂ ਖਿਲ਼ਾਫ ਦੇਸ਼ ਧ੍ਰੋਹ ਦੇ ਦਰਜ ਕੀਤੇ ਮੁਕੱਦਮੇ ਵਾਪਸ ਲੈਣ ਤੇ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਦੇ ਮਤੇ ਪੇਸ਼ ਕੀਤੇ।
ਮੋਗਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਨਵੀਂ ਅਨਾਜ ਮੰਡੀ ਵਿੱਚ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ’ਤੇ ਸੂਬੇ ਦੀਆਂ 10 ਕਿਸਾਨ ਜਥੇਬੰਦੀਆਂ ਵੱਲੋਂ ਤਿੰਨੇ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਰੱਦ ਕਰਨ ਦੀ ਮੰਗ ਲਈ ਵੰਗਾਰ ਰੈਲੀ ਕੀਤੀ ਗਈ। ਰੈਲੀ ਵਿੱਚ ਭਾਜਪਾ ਦੀ ਕੇਂਦਰੀ ਸਰਕਾਰ ਨੂੰ ਲਲਕਾਰਿਆ। ਕਿਸਾਨਾਂ ਨੇ ਹੱਥ ਖੜ੍ਹੇ ਕਰਕੇ ਆਰਡੀਨੈਸ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ,ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਬੀਕੇਯੂ ਕ੍ਰਾਂਤੀਕਾਰੀ ਆਗੂ ਲਾਲ ਸਿੰਘ ਗੋਲੇਵਾਲਾ ਨੇ ਕਿਹਾ ਕਿ ਹੁਣ ਕਿਸਾਨੀ ਆਰ ਪਾਰ ਦੀ ਲੜਾਈ ਲਈ ਤਿਆਰ ਹੈ।
ਕਿਸਾਨ ਆਗੂ ਗੁਰਦੀਪ ਵੈਰੋਕੇ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂ ਗੁਰਮੀਤ ਮਹਿਮਾ, ਅਵਤਾਰ ਮਹਿਮਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਰਤ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਮਾਨ ਭੁਪਿੰਦਰ ਸਾਂਬਰ ਨੇ ਕਿਹਾ ਕਿ ਤਿੰਨੋਂ ਆਰਡੀਨੈਂਸ ਤੀਹਰੇ ਕਤਲ ਦੀ ਸਾਜਿਸ਼ ਹੈ ਜੋ ਕਿਸਾਨ, ਮਜ਼ਦੂਰ ਅਤੇ ਗਾਹਕ ਨੂੰ ਤਬਾਹ ਕਰ ਦੇਵੇਗੀ।
ਜੇਬ ਕਤਰਿਆਂ ਕੀਤੇ ਹੱਥ ਸਾਫ਼
ਬਰਨਾਲਾ ’ਚ ਰੈਲੀ ਸਮੇਂ ਵੱਡੇ ਇਕੱਠ ਵਿੱਚ ਡੇਢ ਦਰਜਨ ਦੇ ਕਰੀਬ ਕਿਸਾਨਾਂ ਦੀਆਂ ਜੇਬਾਂ ‘ਤੇ ਜੇਬ ਕਤਰੇ ਹੱਥ ਸਾਫ਼ ਕਰ ਗਏ, ਤੇ ਮੋਬਾਈਲ ਫੋਨ ਵੀ ਚੋਰੀ ਹੋਏ। ਮੰਚ ਤੋਂ ਅਨਾਊਂਸਮੈਂਟ ਮਗਰੋਂ ਤਾਇਨਾਤ ਪੁਲੀਸ ਹਰਕਤ ‘ਚ ਆਈ। ਕੁਝ ਸ਼ੱਕੀਆਂ ਨੂੰ ਕਾਬੂ ਕਰਕੇ ਨੇੜਲੀ ਬੱਸ ਅੱਡਾ ਪੁਲੀਸ ਚੌਂਕੀ ਵਿਖੇ ਪੁੱਛਗਿੱਛ ਲਈ ਲੈ ਕੇ ਗਏ।