ਪੱਤਰ ਪ੍ਰੇਰਕ
ਮਾਨਸਾ, 14 ਅਪਰੈਲ
ਸੈਂਕੜੇ ਕਿਸਾਨਾਂ ਨੇ ਮਾਲਵਾ ਪੱਟੀ ਦੀਆਂ ਅਨਾਜ ਮੰਡੀਆਂ ਵਿੱਚ ਖਾਲਸੇ ਦਾ ਜਨਮ ਦਿਹਾੜਾ ਮਨਾਇਆ ਤੇ ਹਜ਼ਾਰਾਂ ਹੋਰ ਕਿਸਾਨਾਂ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਿਸਾਖੀ ਮੇਲੇ ਉਤੇ ਜਾਣ ਦੀ ਬਜਾਏ ਖੇਤਾਂ ਵਿੱਚ ਆਪਣੀ ਕਣਕ ਕੱਟਣ ਨੂੰ ਤਰਜੀਹ ਦਿੱਤੀ। ਉਧਰ, ਸੈਂਕੜੇ ਮਜ਼ਦੂਰ ਇਸ ਦਿਹਾੜੇ ’ਤੇ ਕਈ ਮੰਡੀਆਂ ਵਿਚ ਭੁੱਖਣ-ਭਾਣੇ ਰਹੇ ਤੇ ਪ੍ਰਸ਼ਾਸਨ ਦੇ ਹੁਕਮ ਨਾ ਆਉਣ ਕਾਰਨ ਉਹ ਕਿਸਾਨਾਂ ਦੀ ਕਣਕ ਦੀ ਕੋਈ ਢੇਰੀ ਨੂੰ ਤੋਲ ਨਾ ਸਕੇ। ਅਨੇਕਾਂ ਮੰਡੀਆਂ ’ਚ ਸਰਕਾਰੀ ਅਧਿਕਾਰੀ ਕਣਕ ਗਿੱਲੀ ਹੋਣ ਦਾ ਬਹਾਨਾ ਮਾਰਨ ਦੇ ਮਾਮਲੇ ਸਾਹਮਣੇ ਆਏ ਹਨ।
ਮਾਨਸਾ ਜ਼ਿਲ੍ਹੇ ’ਚ ਦਰਜਨਾਂ ਮੰਡੀਆਂ ’ਚੋਂ ਇਹ ਰਿਪੋਰਟ ਮਿਲੀ ਹੈ ਕਿ ਖਾਲਸੇ ਦੇ ਜਨਮ ਦਿਹਾੜੇ ਵਾਲੇ ਦਿਨ ਕਣਕ ਦਾ ਇੱਕ ਵੀ ਦਾਣਾ ਸਰਕਾਰੀ ਤੌਰ ’ਤੇ ਖਰੀਦਿਆ ਨਹੀਂ ਗਿਆ ਹੈ। ਮੰਡੀਆਂ ’ਚ ਕਣਕ ਤੋਲਣ ਦਾ ਕੰਮ ਕਰਨ ਵਾਲੇ ਮਜ਼ਦੂਰ ਵਿਹਲੇ ਬੈਠੇ ਹਨ ਤੇ ਕਿਸੇ ਢੇਰੀ ਦੀ ਬੋਲੀ ਨਾ ਲੱਗਣ ਕਾਰਨ ਸੈਂਕੜੇ ਆੜ੍ਹਤੀਆਂ ਨੇ ਅੱਜ ਤੱਕ ਆਪਣੇ ਪਿੜਾਂ ਨੂੰ ਸਾਫ਼ ਵੀ ਨਹੀਂ ਕੀਤਾ। ਮਾਲਵਾ ਖੇਤਰ ਦੇ ਬਹੁਤੇ ਪਿੰਡਾਂ ’ਚੋਂ ਲੋਕਾਂ ਨੇ ਦਮਦਮਾ ਸਾਹਿਬ ਦੀ ਧਰਤੀ ’ਤੇ ਇਸ਼ਨਾਨ ਕਰਨ ਲਈ ਅੱਜ ਜਾਣ ਦੀ ਬਜਾਏ ਖੇਤਾਂ ’ਚ ਆਪਣੀ ਕਿਰਤ ਦੀ ਕਦਰ ਕਰਦਿਆਂ ਕਣਕ ਨੂੰ ਇਕੱਠੀ ਕਰਨ ਲਈ ਪਹਿਲ ਦਿੱਤੀ। ਦਿਹਾਤੀ ਖਰੀਦ ਕੇਂਦਰ ’ਚ ਅੱਜ ਕਿਸੇ ਵੀ ਸਰਕਾਰੀ ਏਜੰਸੀ ਨੇ ਕਿਸੇ ਕਿਸਾਨ ਦੀ ਕਣਕ ਕੋਲ ਜਾਣ ਲਈ ਸਮਾਂ ਨਹੀਂ ਕੱਢਿਆ। ਭਾਵੇਂ ਪੰਜਾਬ ਸਰਕਾਰ ਨੇ ਪਹਿਲੀ ਅਪਰੈਲ ਤੋਂ ਮੰਡੀਆਂ ’ਚ ਕਣਕ ਵੇਚਣ ਦੀ ਪ੍ਰਬੰਧ ਕੀਤੇ ਹੋਣ ਦਾ ਦਾਅਵਾ ਕੀਤਾ ਹੈ, ਪਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹੇ ਦੀਆਂ ਪੰਜ ਦਰਜਨ ਤੋਂ ਵੱਧ ਮੰਡੀਆਂ ਵਿਚ ਪੁੱਜੀ ਕਣਕ ਦਾ ਇੱਕ ਦਾਣਾ ਵੀ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਨਹੀਂ ਖਰੀਦਿਆ ਗਿਆ ਹੈ। ਅੱਜ ਮਾਨਸਾ ਦੇ ਜ਼ਿਲ੍ਹਾ ਮੰਡੀ ਅਫਸਰ ਤੋਂ ਪਤਾ ਲੱਗਿਆ ਕਿ ਮਾਨਸਾ ਜ਼ਿਲ੍ਹੇ ਅਧੀਨ ਆਉਂਦੀਆਂ ਅਨਾਜ ਮੰਡੀਆਂ ’ਚ ਸਰਕਾਰੀ ਨਿਯਮਾਂ ਅਨੁਸਾਰ ਸੁੱਕੀ ਕਣਕ ਦੀਆਂ ਢੇਰੀਆਂ ਦੀ ਬੋਲੀ ਲੱਗ ਰਹੀ ਹੈ ਤੇ ਕਣਕ ਨੂੰ ਬੋਰੀਆਂ ’ਚ ਭਰਿਆ ਜਾ ਰਿਹਾ ਹੈ। ਉਧਰ, ਅੱਜ ਖੇਤਾਂ ’ਚ ਕੰਮ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਦਾਣੇ ਵਾਹਣਾਂ ’ਚ ਰੁਲ ਰਹੇ ਹੋਣ ਤਾਂ ਕੋਈ ਨੌਣ ਚੰਗਾ ਨਹੀਂ ਲੱਗਦਾ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਦਾ ਕਹਿਣਾ ਕਿ ਖੇਤ ’ਚ ਖੜ੍ਹੀ ਫਸਲ ਨੂੰ ਛੱਡ ਕੇ ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਜਾਣ ਨੂੰ ਕਿਸੇ ਕਿਸਾਨ ਦਾ ਹੌਂਸਲਾ ਨਹੀਂ ਪੈ ਰਿਹਾ।