ਜਗਤਾਰ ਅਣਜਾਣ
ਮੌੜ ਮੰਡੀ, 30 ਜੁਲਾਈ
ਬੀਤੇ ਦਿਨੀਂ ਹੋਈ ਬਾਰਿਸ਼ ਨੇ ਜਿਥੇ ਨਰਮਾ ਪੱਟੀ ਦੇ ਕਿਸਾਨਾਂ ਦੀਆਂ ਸਾਉਣੀ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ, ਉੱਥੇ ਹੀ ਕਿਸਾਨ ਹੁਣ ਮੀਂਹ ਦੀ ਮਾਰ ਹੇਠ ਆਈ ਨਰਮੇ ਦੀ ਫ਼ਸਲ ਵਾਹੁਣ ਲਈ ਮਜਬੂਰ ਹੋ ਗਏ ਹਨ। ਬਾਰਿਸ਼ ਦੇ ਜਮ੍ਹਾਂ ਹੋਏ ਪਾਣੀ ਨੇ ਪਿੰਡ ਬੁਰਜ ਸੇਮਾ, ਜੋਧਪੁਰ ਪਾਖਰ, ਯਾਤਰੀ, ਰਾਮਨਗਰ ਪਿੰਡਾਂ ਦੇ ਕਿਸਾਨਾਂ ਦੀ ਚਿੱਟਾ ਸੋਨਾ ਵਜੋਂ ਜਾਣੀ ਜਾਂਦੀ ਮੁੱਖ ਫਸਲ ਨਰਮਾ ਬਰਬਾਦ ਕਰ ਦਿੱਤੀ ਹੈ। ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਮਾ ਅਤੇ ਰਾਜਵਿੰਦਰ ਸਿੰਘ ਰਾਮਨਗਰ ਨੇ ਦੱਸਿਆ ਕਿ ਭਾਰੀ ਖਰਚਾ ਕਰਕੇ ਪੈਦਾ ਕੀਤੀ ਨਰਮੇ ਦੀ ਫ਼ਸਲ ਹੁਣ ਕਿਸਾਨ ਆਪਣੇ ਹੱਥੀਂ ਵਾਹ ਰਹੇ ਹਨ। ਪਿੰਡ ਰਾਮਨਗਰ ਦੇ ਕਿਸਾਨ ਧਰਮ ਦਾ ਦੋ ਏਕੜ, ਗੁਰਦਆਿਲ ਸਿੰਘ ਦਾ ਦੋ ਏਕੜ, ਕਿਸਾਨ ਕਰਤਾਰ ਸਿੰਘ ਦਾ ਡੇਢ ਏਕੜ ਅਤੇ ਕਾਲੂ ਰਾਮ ਦਾ ਦੋ ਕਨਾਲ ਨਰਮਾ ਬਰਸਾਤ ਦੇ ਪਾਣੀ ਕਾਰਨ ਪੂਰੀ ਤਰ੍ਹਾਂ ਖਤਮ ਹੋ ਗਆਿ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੀਂਹ ਦੀ ਮਾਰ ਹੇਠ ਆਈ ਫਸਲ ਲਈ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਸਾਬਕਾ ਵਿਧਾਇਕ ਵੱਲੋਂ ਗਿਰਦਾਵਰੀ ਕਰਵਾਉਣ ਲਈ ਅਪੀਲ
ਤਲਵੰਡੀ ਸਾਬੋ, (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਇਸ ਇਲਾਕੇ ਅੰਦਰ ਹੋਈ ਭਾਰੀ ਬਾਰਿਸ਼ ਦਾ ਪਾਣੀ ਕਈ ਪਿੰਡਾਂ ਦੀ ਨਰਮੇ ਦੀ ਫ਼ਸਲ ਵਿੱਚ ਖੜ੍ਹਨ ਕਰ ਕੇ ਫ਼ਸਲ ਦੇ ਖਰਾਬ ਹੋਣ ਦੇ ਆਸਾਰ ਬਣ ਚੁੱਕੇ ਹਨ, ਜਿਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਇਲਾਕੇ ’ਚ ਖਰਾਬ ਹੋਣ ਕਿਨਾਰੇ ਪੁੱਜੀ ਫ਼ਸਲ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕਰੇ ਅਤੇ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ਾ ਐਲਾਨ ਕਰੇ।