ਜੋਗਿੰਦਰ ਸਿੰਘ ਮਾਨ
ਮਾਨਸਾ, 27 ਸਤੰਬਰ
ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ‘ਭਾਰਤ ਬੰਦ’ ਦੇ ਦਿੱਤੇ ਸੱਦੇ ਨੂੰ ਮਾਲਵਾ ਪੱਟੀ ਵਿੱਚੋਂ ਭਰਵਾਂ ਹੁੰਗਾਰਾ ਮਿਲਿਆ। ਇਸ ਖੇਤਰ ਵਿੱਚ ਸਿਹਤ ਸਮੇਤ ਜ਼ਰੂਰੀ ਸੇਵਾਵਾਂ ਹੀ ਚਾਲੂ ਵੇਖਣ ਨੂੰ ਮਿਲੀਆਂ, ਬਾਕੀ ਸਾਰੇ ਕਿਤੇ ਸੂਬਾਈ ਅਤੇ ਕੌਮੀ ਮਾਰਗ ਬੰਦ ਹੋਣ ਕਾਰਨ ਸੁੰਨੇ ਪਏ ਸਨ। ਹਰ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ।
ਰੇਲਵੇ ਵਿਭਾਗ ਦੇ ਇੱਕ ਅਧਿਕਾਰੀ ਅਨੁਸਾਰ ਪੰਜਾਬ ਵਿੱਚ 25 ਤੋਂ ਵੱਧ ਰੇਲਾਂ ਨੂੰ ਰੱਦ ਕਰ ਦਿੱਤਾ ਗਿਆ ਜਾਂ ਰੋਕ ਲਿਆ ਗਿਆ। ਪੂਰੇ ਬਜ਼ਾਰ ਬੰਦ ਸਨ ਅਤੇ ਸ਼ਹਿਰਾਂ ਵਿੱਚ ਰੋਜ਼ ਵਾਲੀ ਚਹਿਲ-ਪਹਿਲ ਵੀ ਵੇਖਣ ਨੂੰ ਨਹੀਂ ਮਿਲਦੀ ਸੀ। ਸ਼ਹਿਰਾਂ ਅਤੇ ਪਿੰਡਾਂ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ-ਕਾਲਜਾਂ ਤੇ ਹੋਰ ਸੰਸਥਾਵਾਂ ਵਿੱਚ ਬੱਚਿਆਂ ਨੂੰ ਪਹਿਲਾਂ ਹੀ ਛੁੱਟੀ ਕਰ ਦਿੱਤੀ ਗਈ ਸੀ।
ਥਾਂ-ਥਾਂ ਧਰਨਿਆਂ ਉੱਤੇ ਕਿਸਾਨਾਂ ਮਜ਼ਦੂਰਾਂ ਵਿੱਚ ਭਾਰੀ ਉਤਸ਼ਾਹ ਸੀ, ਲੰਗਰ, ਪਾਣੀ, ਚਾਹ ਤੇ ਰੋਟੀ ਦਾ ਬਾਕਾਇਦਾ ਬੰਦੋਬਸਤ ਸੀ। ਕਿਸਾਨਾਂ ਨੇ ਰਸਤਿਆਂ ਨੂੰ ਟਰੈਕਟਰ ਖੜ੍ਹੇ ਕਰ ਕੇ ਰੋਕਿਆ ਗਿਆ ਸੀ। ਪ੍ਰੈੱਸ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਨੂੰ ਲੰਘਾਇਆ ਜਾ ਰਿਹਾ ਸੀ ਅਤੇ ਧਰਨਿਆਂ ਉੱਤੇ ਪੁਲੀਸ ਪਾਰਟੀਆਂ ਵੱਡੀ ਗਿਣਤੀ ਵਿੱਚ ਤਾਇਨਾਤ ਸਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮਾਲਵਾ ਖੇਤਰ ਵਿੱਚ ਸਾਰੇ ਧਰਨੇ ਅਮਨ-ਸ਼ਾਂਤੀ ਨਾਲ ਚੱਲੇ।
ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ’ਚੋਂ ਮਿਲੀਆਂ ਰਿਪੋਰਟਾਂ ਅਨੁਸਾਰ ਅੱਜ ਦੇ ਬੰਦ ਨੇ ਮੋਦੀ ਸਰਕਾਰ ਦੀਆਂ ਨੀਹਾਂ ਹਿੱਲਾ ਦਿੱਤੀਆਂ ਹਨ। ਇਸੇ ਦੌਰਾਨ ਮਾਨਸਾ ਸ਼ਹਿਰ ਵਿੱਚ ਵਪਾਰੀਆਂ ਨੇ ਬਾਜ਼ਾਰ ਬੰਦ ਕਰ ਕੇ ਇੱਕ ਭਰਵੀਂ ਰੈਲੀ ਕੀਤੀ, ਜਿਸ ਦੌਰਾਨ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਡਟਵੀਂ ਹਮਾਇਤ ਕੀਤੀ ਗਈ।
ਫੋਟੋ ਨੰ:5, 6
ਫੋਟੋ ਕੈਪਸ਼ਨ: ਪਿੰਡ ਭੈਣੀਬਾਘਾ ਵਿੱਚ ਬਠਿੰਡਾ-ਪਟਿਆਲਾ ਮੁੱਖ ਮਾਰਗ ’ਤੇ ਲਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਰਾਮ ਸਿੰਘ ਭੈਣੀਬਾਘਾ। ਫੋਟੋ: ਸੁਰੇਸ਼