ਖੇਤਰੀ ਪ੍ਰਤੀਨਿਧ
ਬਰਨਾਲਾ, 18 ਸਤੰਬਰ
ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਲੱਗੇ ਪੱਕੇ ਧਰਨੇ ਦੌਰਾਨ ਅੱਜ ਬੁਲਾਰਿਆਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਆਪਾ-ਵਿਰੋਧੀ ਬਿਆਨਾਂ ਦਾ ਗੰਭੀਰ ਨੋਟਿਸ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕੈਪਟਨ ਨੇ ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਕਿਸਾਨ ਅੰਦੋਲਨ ਕਾਰਨ ਹੋ ਰਹੇ ਆਰਥਿਕ ਨੁਕਸਾਨ ਦੀ ਦੁਹਾਈ ਦਿੱਤੀ ਤੇ ਕਾਰਪੋਰੇਟਾਂ ਵੱਲੋਂ ਭਵਿੱਖ ਵਿੱਚ ਪੰਜਾਬ ਵਿੱਚ ਨਿਵੇਸ਼ ਨਾ ਕਰਨ ਦਾ ਵੀ ਡਰਾਵਾ ਦਿੱਤਾ। ਦੂਜੇ ਕੱਲ੍ਹ ਕੇਂਦਰੀ ਸਰਕਾਰ ਨੂੰ ਉਕਤ ਕਾਨੂੰਨ ਵਾਪਸੀ ਲਈ ਸੰਵਿਧਾਨਕ ਸੋਧ ਦਾ ਵੀ ਮਸ਼ਵਰਾ ਦਿੱਤਾ। ਜੋ ਕਿ ਵਿਰੋਧਾਭਾਸੀ ਹੈ ਤੇ ਦੋਗਲੇ ਕਿਰਦਾਰ ਦਾ ਇਜ਼ਹਾਰ ਹੈ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਬਲਵੀਰ ਕੌਰ ਕਰਮਗੜ੍ਹ ਤੇ ਬਲਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਦਿੱਲੀ ਮੋਰਚਿਆਂ ‘ਚ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਜਾਰੀ ਹਿਦਾਇਤਾਂ ਦੀ ਸਖਤ ਨਿਖੇਧੀ ਕੀਤੀ। ਉਧਰ ਰਿਲਾਇੰਸ ਮਾਲ ਮੂਹਰੇ ਲੱਗਿਆ ਧਰਨਾ 353ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।
ਬਰੇਟਾ (ਪੱਤਰ ਪ੍ਰੇਰਕ): ਇਥੋਂ ਦੇ ਇੱਕ ਪਟਰੋਲ ਪੰਪ ’ਤੇ ਕਿਸਾਨ ਯੂਨੀਅਨ ਉਗਰਾਹਾਂ ਅਤੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸਾਂਝਾ ਕਿਸਾਨ ਮੋਰਚਾ ਵਲੋਂ ਲਾਏ ਧਰਨੇ ਲਗਾਤਾਰ ਜਾਰੀ ਹਨ।
ਇਸ ਦੌਰਾਨ ਕਿਸਾਨਾਂ ਨੇ ਪੂੰਜੀਪਤੀਆਂ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਵੀ ਸੱਦਾ ਦਿੱਤਾ। ਅੱਜ ਬੁਲਾਰਿਆਂ ਵਿੱਚ ਸੁਖਦੇਵ ਸਿੰਘ, ਸੁਖਪਾਲ ਕੌਰ ਖੁਡਾਲ, ਦਸੌਦਾ ਸਿੰਘ, ਜਗਦੀਪ ਕੌਰ ਤੇ ਜਸਵਿੰਦਰ ਕੌਰ ਹਾਜ਼ਰ ਸਨ।