ਪੱਤਰ ਪ੍ਰੇਰਕ
ਭੁੱਚੋ ਮੰਡੀ, 16 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਰੇਲਵੇ ਬਾਜ਼ਾਰ ਵਿੱਚ ਮੋਦੀ, ਅਮਿਤ ਸ਼ਾਹ, ਯੋਗੀ, ਅੰਬਾਨੀ ਅਤੇ ਅਡਾਨੀ ਦਾ ਪੁਤਲਾ ਫੂਕਿਆ ਗਿਆ। ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਤਿੰਨੇ ਖੇਤੀ ਕਨੂੰਨ ਰੱਦ ਕੀਤੇ ਜਾਣ, ਐੱਮਐੱਸਪੀ ਦੀ ਗਰੰਟੀ ਵਾਲਾ ਕਨੂੰਨ ਲਾਗੂ ਕੀਤਾ ਜਾਵੇ, ਬਿਜਲੀ ਬਿਲ ਵਾਪਸ ਲਿਆ ਜਾਵੇ ਅਤੇ ਲਖੀਮਪੁਰ ਕਾਂਡ ਦੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਰਾਮਪੁਰਾ ਫੂਲ(ਨਿੱਜੀ ਪੱਤਰ ਪ੍ਰੇਰਕ/ ਪੱਤਰ ਪ੍ਰੇਰਕ): ਇਥੇ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਵਿਚ ਲੱਗਿਆ ਮੋਰਚਾ 382ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਇਸ ਵਿਚ ਕਿਸਾਨ, ਮਜ਼ਦੂਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਮੋਰਚੇ ਵਲੋਂ ਸ਼ਹਿਰ ਅੰਦਰ ਮਾਰਚ ਕਰ ਕੇ ਮੋਦੀ , ਅਮਿਤ ਸ਼ਾਹ, ਹਰਜੀਤ ਗਰੇਵਾਲ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਗਏ ਅਤੇ 18 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਸਾਮ 4 ਵਜੇ ਤੱਕ ਰਾਮਪੁਰਾ ਰੇਲਵੇ ਦਾ ਚੱਕਾ ਜਾਮ ਕੀਤਾ ਜਾਵੇਗਾ।
ਭੀਖੀ (ਪੱਤਰ ਪ੍ਰੇਰਕ): ਇਥੇ ਅੱਜ ਭੀਖੀ ਦੇ ਗੁਰਦੁਆਰਾ ਚੌਕ ਵਿੱਚ ਕਿਸਾਨਾਂ ਅਤੇ ਬਿਜਲੀ ਜਥੇਬੰਦੀਆਂ ਨੇ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਯੋਗੀ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਕਿਸਾਨ ਆਗੂ ਸੁਖਾ ਪੰਡਤ ਭੀਖੀ ਨੇ ਕਿਹਾ ਕਿ ਜਦ ਤੱਕ ਤਿੰਨੇ ਖੇਤੀ ਕਨੂੰਨ ਰੱਦ ਨਹੀਂ ਕੀਤੇ ਜਾਂਦੇ ਸੰਘਰਸ਼ ਜਾਰੀ ਰਹੇਗਾ।
ਮਹਿਲ ਕਲਾਂ(ਪੱਤਰ ਪ੍ਰੇਰਕ): ਟੌਲ ਪਲਾਜ਼ਾ ਮਹਿਲ ਕਲਾਂ ਅੱਗੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਯੋਗੀ ਅਦਿੱਤਿਆ ਨਾਥ, ਵਿਜੇ ਮਿਸ਼ਰਾ ਸਮੇਤ ਭਾਜਪਾ ਆਗੂਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਗਏ। ਇਸੇ ਤਰ੍ਹਾਂ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਭੱਦਲਵੱਡ ਨੇੜੇ ਰਿਲਾਇੰਸ ਪੈਟਰੋਲ ਪੰਪ ਅੱਗੇ ਤੇ ਪਿੰਡ ਕਲਾਲ ਮਾਜਰਾ ਵਿੱਚ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ।
ਲੰਬੀ(ਪੱਤਰ ਪ੍ਰੇਰਕ): ਅੱਜ ਭਾਕਿਯੂ ਏਕਤਾ ਉਗਰਾਹਾਂ ਅਤੇ ਪਿੰਡ ਬਾਦਲ ਦੇ ਵਾਸੀਆਂ ਵੱਲੋਂ ਬੱਸ ਅੱਡੇ ’ਤੇ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਯੂ.ਪੀ ਦੇ ਮੁੱਖ ਮੰਤਰੀ ਅਦਿੱੱਤਿਆ ਨਾਥ ਅਤੇ ਸਾਮਰਾਜ ਦਾ ਵੱਡਾ ਦਿਓ ਕੱਦ ਪੁਤਲਾ ਸਾੜਿਆ ਗਿਆ।
ਜ਼ੀਰਾ(ਪੱਤਰ ਪ੍ਰੇਰਕ): ਕਿਸਾਨ- ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜ਼ੀਰਾ ਦੇ ਮੁੱਖ ਚੌਕ ਵਿੱਚ ਕੇਂਦਰ ਦੀ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸੂਬਾ ਆਗੂ ਰਾਣਾ ਰਣਬੀਰ ਸਿੰਘ ਠੱਠਾ, ਬਲਰਾਜ ਸਿੰਘ ਫੇਰੋਕੇ ਅਤੇ ਅਮਨਦੀਪ ਸਿੰਘ ਨੇ ਸੰਬੋਧਨ ਕੀਤਾ।
ਰਾਮਾਂ ਮੰਡੀ(ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਸੂਬਾ ਸਕੱਤਰ ਜਨਰਲ ਰਾਮਕਰਨ ਸਿੰਘ ਸਿੱਧੂ ਰਾਮਾਂ ਦੀ ਅਗਵਾਈ ਹੇਠ ਤਲਵੰਡੀ ਸਾਬੋ ਰੋਡ ’ਤੇ ਯੂਨੀਅਨ ਦੇ ਦਫਤਰ ਨੇੜੇ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਅਜੇ ਮਿਸ਼ਰਾ ਦਾ ਪੁਤਲਾ ਫੂਕਿਆ ਗਿਆ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਕਿਸਾਨਾਂ ਵੱਲੋਂ ਲਾਏ ਗਏ ਪੱਕੇ ਮੋਰਚੇ ’ਤੇ ਕਿਸਾਨ ਇਕੱਠੇ ਹੋਏ ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ, ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ, ਗ੍ਰਹਿ ਮੰਤਰੀ ਅਨਿਲ ਵਿਜ ਤੇ ਸਿਰਸਾ ਦੇ ਵਿਧਾਇਕ ਗੋਪਾਲ ਕਾਂਡਾ ਤੇ ਉਸ ਦੇ ਭਰਾ ਗੋਬਿੰਦ ਕਾਂਡਾ ਦੇ ਪੁਤਲੇ ਫੂਕੇ।
ਕਾਲਾਂਵਾਲੀ(ਪੱਤਰ ਪ੍ਰੇਰਕ): ਇਥੇ ਅੱਜ ਕਿਸਾਨ ਆਗੂ ਗੁਰਦਾਸ ਸਿੰਘ ਲੱਕੜਵਾਲੀ ਦੀ ਅਗਵਾਈ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਸਥਾਨਕ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।
ਅਬੋਹਰ(ਪੱਤਰ ਪ੍ਰੇਰਕ): ਸਾਂਝਾ ਕਿਸਾਨ ਮੋਰਚਾ ਦੇ ਸੱਦੇ ’ਤੇ ਨਵੀਂ ਅਨਾਜ ਮੰਡੀ ਵਿੱਚ ਕਿਸਾਨਾਂ ਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੇ ਪੁਤਲੇ ਮਾਰਕੀਟ ਕਮੇਟੀ ਦੇ ਦਫਤਰ ਮੁਹਰੇ ਸਾੜ ਕੇ ਰੋਸ ਮੁਜ਼ਾਹਰਾ ਕੀਤਾ।
ਸਰਦੂਲਗੜ੍ਹ(ਪੱਤਰ ਪ੍ਰੇਰਕ): ਇਥੇ ਕਿਸਾਨਾਂ ਵੱਲੋਂ ਨਰਿੰਦਰ ਮੋਦੀ ਦੇ ਪੁਤਲੇ ਸਾੜ ਕੇ ਦਸਹਿਰਾ ਮਨਾਇਆ ਗਿਆ । ਅੱਜ ਸਰਦੂਲਗੜ੍ਹ ਬੱਸ ਸਟੈਂਡ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਨਰਿੰਦਰ ਮੋਦੀ, ਯੋਗੀ ਅਤੇ ਖੱਟਰ ਦਾ ਸਾਂਜਝਾ ਪੁਤਲਾ ਫੂਕਿਆ ਗਿਆ।
ਗਿੱਦੜਬਾਹਾ(ਪੱਤਰ ਪ੍ਰੇਰਕ): ਇਥੇ ਭਾਰਤੀ ਕਿਸਾਨ ਯੂਨੀਅਨ ਮਾਨਸਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਪੰਜਾਬ ਕਿਸਾਨ ਯੂਨੀਅਨ ਰੁਲਦੂ, ਨਿਰਮਾਣ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆ ਅਤੇ ਵਰਕਰਾਂ ਨੇ ਸਥਾਨਕ ਪਿਓਰੀ ਵਾਲੇ ਫਾਟਕਾਂ ਦੇ ਨਜ਼ਦੀਕ ਭਾਜਪਾ ਆਗੂਆ ਅਤੇ ਕਾਰਪੋਰੇਟਾਂ ਦੇ ਪੁਤਲੇ ਫੂਕੇ।
ਝੁਨੀਰ(ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਕਸਬਾ ਕੋਟ ਧਰਮੂ ਅਤੇ ਝੁਨੀਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਕੇਂਦਰ ਦੀ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਆਗੂ ਸੁਰਜੀਤ ਸਿੰਘ ਕੋਟਧਰਮੂ ਗੁਰਜੰਟ ਸਿੰਘ ਮਾਨਸਾ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖਿੜਕੀਆਂ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ
ਮਖੂ(ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਪਰਗਟ ਸਿੰਘ ਤਲਵੰਡੀ ਅਤੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਪ੍ਰਧਾਨ ਕਰਨੈਲ ਸਿੰਘ ਭੋਲਾ ਦੀ ਅਗਵਾਈ ਵਿੱਚਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
‘ਰੇਲ ਰੋਕੂ’ ਪ੍ਰੋਗਰਾਮ ਸਫ਼ਲ ਬਣਾਉਣ ਦਾ ਸੱਦਾ
ਜੈਤੋ( ਪੱਤਰ ਪ੍ਰੇਰਕ): ਸੰਯੁਕਤ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋ ਇਥੇ ਐੱਸਡੀਐੱਮ ਦਫ਼ਤਰ ਦੇ ਵਿਹੜੇ ਵਿਚ ਭਾਜਪਾ ਸਰਕਾਰ ਅਤੇ ਬਹੁਕੌਮੀ ਕੰਪਨੀਆਂ ਦਾ ਦਿਉ ਕੱਦ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਸ਼ਹਿਰ ਵਿੱਚ ਕਾਫ਼ਲੇ ਦੇ ਰੂਪ ’ਚ ਪੁਤਲਾ ਲੈ ਕੇ ਲੋਕਾਂ ਨੂੰ ਭਾਜਪਾ ਸਰਕਾਰ ਦੀਆਂ ਫਿਰਕੂ ਫਾਸ਼ੀਵਾਦੀ ‘ਕਰਤੂਤਾਂ’ ਤੋਂ ਜਾਣੂ ਕਰਵਾਇਆ ਗਿਆ। ਆਗੂਆਂ ਵੱਲੋਂ 18 ਅਕਤੂਬਰ ਨੂੰ ਸੰਯੁਕਤ ਮੋਰਚੇ ਦੇ ਸੱਦੇ ’ਤੇ ‘ਰੇਲ ਰੋਕੂ’ ਪ੍ਰੋਗਰਾਮ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਰੇਲਵੇ ਸਟੇਸ਼ਨ ਜੈਤੋ ’ਤੇ ਪ੍ਰਦਰਸ਼ਨ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ।
ਲੋਕ ਏਕਤਾ ਤੇ ਸਬਰ-ਸਿਦਕ ਨਾਲ ਸੰਘਰਸ਼ ਜਿੱਤਣ ਸੱਦਾ
ਸੰਗਤ ਮੰਡੀ(ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਦਿਆਂ ਅੱਜ ਭਾਰੀ ਗਿਣਤੀ ’ਚ ਇਕੱਤਰ ਹੋਏ ਕਿਸਾਨਾਂ, ਮਜ਼ਦੂਰਾਂ ਅਤੇ ਇਸਤਰੀਆਂ ਨੇ ਨੇੜਲੇ ਪਿੰਡਾਂ ਘੁੱਦਾ, ਜੈ ਸਿੰਘ ਵਾਲਾ, ਜੱਸੀ ਬਾਗ ਵਾਲੀ ਅਤੇ ਪਥਰਾਲਾ ਆਦਿ ਵਿਖੇ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ। ਪੁਤਲਾ ਫੂਕ ਪ੍ਰਦਰਸ਼ਨਾਂ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਮਿੱਠੂ ਸਿੰਘ ਘੁੱਦਾ ਅਤੇ ਬੀ.ਕੇ.ਯੂ. ਸਿੱਧੂਪੁਰ ਦੇ ਆਗੂ ਗੁਰਜੀਵਨ ਸਿੰਘ ਪਥਰਾਲਾ ਨੇ ਕੀਤੀ।