ਜੋਗਿੰਦਰ ਸਿੰਘ ਮਾਨ
ਮਾਨਸਾ, 14 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਪੰਜਾਬ ਫੇਰੀ ਵਾਲੇ ਦਿਨ ਮਾਲਵਾ ਖੇਤਰ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਵਜੋਂ ਅਰਥੀਆਂ ਸਾੜੀਆਂ ਗਈਆਂ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਨੂੰ ਲਖੀਮਪੁਰ ਖੀਰੀ ਮਾਮਲੇ ਵਿੱਚ ਅਦਾਲਤ ਵੱਲੋਂ ਜ਼ਮਾਨਤ ਦੇਣ ਲਈ ਭਾਜਪਾ ਦੀ ਕੇਂਦਰ ਸਰਕਾਰ ਦਾ ਸਿੱਧੇ ਤੌਰ ’ਤੇ ਹੱਥ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਤਿੰਨ ਖੇਤੀ ਕਾਨੂੰਨਾਂ ਰੱਦ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨਾਲ ਕੀਤੇ ਗਏ ਵਾਅਦਿਆਂ ਉਤੇ ਅਜੇ ਮੋਹਰ ਨਹੀਂ ਲਗਾਈ ਗਈ, ਜਿਸ ਕਰਕੇ ਉਨ੍ਹਾਂ ਦੀ ਪੰਜਾਬ ਫੇਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪਿੰਡ ਭੈਣੀਬਾਘਾ ਵਿਖੇ ਕੀਤੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਬਲਵਿੰਦਰ ਸ਼ਰਮਾ, ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਚੁਕੇਰੀਆਂ, ਖਿੱਲਣ, ਬੁਰਜ ਰਾਠੀ, ਉਭਾ, ਠੂਠਿਆਂਵਾਲੀ, ਖਿਆਲਾ ਕਲਾਂ, ਮੂਸਾ, ਫਫੜੇ ਭਾਈਕੇ, ਕੋਟਲੱਲੂ, ਗੁਰਨੇ ਖੁਰਦ, ਖੀਵਾ ਕਲਾਂ, ਕੋਟੜਾ ਅਤੇ ਹੋਰਨਾਂ ਦਰਜਨਾਂ ਪਿੰਡਾਂ ਵਿੱਚ ਅਰਥੀ ਫੂਕ ਪ੍ਰਦਰਸ਼ਨ ਕੀਤੇ ਗਏ।
ਬਠਿੰਡਾ (ਸ਼ਗਨ ਕਟਾਰੀਆ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬਠਿੰਡਾ ਜ਼ਿਲ੍ਹੇ ਦੇ 79 ਪਿੰਡਾਂ ਵਿੱਚ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਸੰਬੋਧਨ ਕਰਦਿਆਂ ਸੀਨੀਅਰ ਆਗੂਆਂ ਮੋਠੂ ਸਿੰਘ ਕੋਟੜਾ, ਬਸੰਤ ਸਿੰਘ ਕੋਠਾ ਗੁਰੂ, ਦਰਸ਼ਨ ਸਿੰਘ ਮਾਈਸਰਖਾਨਾ, ਜਗਸੀਰ ਸਿੰਘ ਝੁੰਬਾ, ਜਗਦੇਵ ਸਿੰਘ ਜੋਗੇਵਾਲਾ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਹਰਪ੍ਰੀਤ ਕੌਰ ਜੇਠੂਕੇ ਅਤੇ ਪਰਮੀਤ ਕੌਰ ਕੋਟੜਾ ਨੇ ਕਿਹਾ ਕਿ 9 ਦਸੰਬਰ ਨੂੰ ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਕੱਤਰ ਸੰਜੇ ਅੱਗਰਵਾਲ ਦੇ ਦਸਤਖ਼ਤਾਂ ਹੇਠ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਅਤੇ ਅੰਦੋਲਨ ਦੌਰਾਨ ਉੱਭਰੀਆਂ ਮੰਗਾਂ ਨੂੰ ਲਾਗੂ ਕਰਨ ਦਾ ਲਿਖ਼ਤੀ ਭਰੋਸਾ ਵੀ ਦਿੱਤਾ ਗਿਆ ਸੀ ਪਰ ਮੰਨੀਆਂ ਮੰਗਾਂ ਨੂੰ ਹਾਲੇ ਤਕ ਲਾਗੂ ਨਹੀਂ ਕੀਤਾ ਗਿਆ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਕੇਂਦਰ ਸਰਕਾਰ ਵੱਲੋਂ ਐਮ. ਐਸ. ਪੀ. ਦਾ ਵਾਅਦਾ ਪੂਰਾ ਨਾ ਕਰਨ, ਉਤਰ ਪ੍ਰਦੇਸ਼ ਦੀ ਪੁਲੀਸ ਦੀ ਢਿੱਲ ਕਾਰਣ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਨੂੰ ‘ਲਖੀਮਪੁਰ ਖੀਰੀ’ ਮਾਮਲੇ ਵਿੱਚੋਂ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਅਤੇ ਕਰਨਾਟਕ ਰਾਜ ਵਿੱਚ ਮੁਸਲਿਮ ਭਾਈਚਾਜਰੇ ਦੀਆਂ ਔਰਤਾਂ ਤੇ ਕੁੜੀਆਂ ਨੂੰ ਧਰਮ ਪਰਿਵਰਤਣ ਲਈ ਮਜਬੂਰ ਕਰਨ ਅਤੇ ਮੁਸਲਮਾਨ ਭਾਈਚਾਰੇ ਨਾਲ ਕੀਤੇ ਜਾ ਰਹੇ ਜ਼ੁਲਮ ਦੇ ਖਿਲਾਫ ਲਾਗਲੇ ਪਿੰਡ ਸੀਰਵਾਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕਿਸਾਨਾਂ ਤੇ ਮੁਲਾਜ਼ਮਾਂ ਜਥੇਬੰਦੀਆਂ ਨੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਰੋਸ ਮੁਜ਼ਾਹਰੇ ਦੀ ਅਗਲੀ ਕੜੀ ਵੱਲੋਂ 16 ਜਨਵਰੀ ਨੂੰ ਡੀਸੀ ਦਫਤਰਾਂ ਮੂਹਰੇ ਪੁਤਲੇ ਫੂਕਣ ਦਾ ਐਲਾਨ ਕੀਤਾ।
‘ਮੋਦੀ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਜ਼ਖ਼ਮਾਂ ’ਤੇ ਲੁੂਣ ਛਿੜਕਿਆ’
ਫਾਜ਼ਿਲਕਾ (ਪਰਮਜੀਤ ਸਿੰਘ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜਲੰਧਰ ਵਿਚ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਵਿਰੋਧ ਕਰਦਿਆਂ ਫਾਜ਼ਿਲਕਾ ਦੇ ਡੀਸੀ ਦਫ਼ਤਰ ਸਾਹਮਣੇ ਪੁਤਲੇ ਫੂਕ ਕੇ ਵਿਰੋਧ ਕੀਤਾ ਗਿਆ। ਜ਼ਿਲ੍ਹਾ ਫਾਜ਼ਿਲਕਾ ਦੇ ਕਿਸਾਨ ਆਗੂ ਜਗਦੀਸ਼ ਸਿੰਘ ਮਨਸਾ ਅਤੇ ਕੁਲਵੰਤ ਸਿੰਘ ਹਸਤਾ ਕਲਾਂ ਨੇ ਦੱਸਿਆ ਕਿ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦਿਵਾਉਣ ‘ਤੇ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਨਾ ਕਰਕੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਜ਼ਖ਼ਮਾਂ ਉੱਤੇ ਲੂਣ ਭੁੱਕਿਆ ਹੈ। ਸਹਿਮਤੀ ਪੱਤਰ ਵਿਚ ਮੰਨੀਆਂ ਮੰਗਾਂ ਲਾਗੂ ਨਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਵਿੱਚ ਹੋਣ ਵਾਲੀ ਰੈਲੀ ਦਾ ਸਖ਼ਤ ਵਿਰੋਧ ਕਰਦਿਆਂ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਅਤੇ ਬੀਬੀਆਂ ਵੱਲੋਂ ਪੰਜਾਬ ਦੇ ਦਰਜਨਾਂ ਸ਼ਹਿਰਾਂ ਤੇ ਕਸਬਿਆਂ ਵਿੱਚ ਰੋਸ ਮਾਰਚ ਕੀਤੇ ਗਏ ਤੇ ਚੱਕਾ ਜਾਮ ਕਰਕੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਰੈਲੀਆਂ ਕਰਨ ਦਾ ਨੈਤਿਕ ਹੱਕ ਨਹੀਂ ਹੈ ਕਿਉਂਕਿ ਦਿੱਲੀ ਮੋਰਚੇ ਦੇ 745 ਸ਼ਹੀਦਾਂ ਨੂੰ ਸ਼ਹੀਦ ਕਰਨ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਦੀ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਭਾਜਪਾ ਦੇ ਗੱਠਜੋੜ ਦੇ ਉਮੀਦਵਾਰਾਂ ਦਾ ਪਿੰਡਾਂ ਵਿੱਚ ਵੜਨ ਉੱਤੇ ਕਾਲੀਆਂ ਝੰਡੀਆਂ ਨਾਲ ਸਖ਼ਤ ਵਿਰੋਧ ਕੀਤਾ ਜਾਵੇ ਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਨਾ ਜਾਇਆ ਜਾਵੇ।