ਜਗਤਾਰ ਸਿੰਘ/ਕੁਲਦੀਪ ਭੁੱਲਰ
ਮੌੜ ਮੰਡੀ, 6 ਫਰਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਕਿਸਾਨਾਂ ਨੇ ਭਰਵਾਂ ਹੁੰਗਾਰਾ ਦਿੱਤਾ। ਇਸ ਦੇ ਚੱਲਦਿਆਂ ਸੰਯੁਕਤ ਮੋਰਚੇ ’ਚ ਸ਼ਾਮਲ ਕਿਸਾਨ ਜਥਬੰਦੀਆਂ ਨੇ ਰਾਮਪੁਰਾ ਮੌੜ ਚੌਕ ’ਤੇ 12 ਤੋਂ 3 ਵਜੇ ਤੱਕ ਭਵਾਨੀਗੜ੍ਹ-ਬਠਿੰਡਾ ਰਾਜ ਮਾਰਗ ਜਾਮ ਕੀਤਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ 254 ਨੰਬਰ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ। ਅੱਜ ਦੇ ਰੋਸ ਮੁਜ਼ਾਹਰੇ ਵਿੱਚ ਦਿੱਲੀ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਮੌੜ ਅਤੇ ਤਲਵੰਡੀ ਸਾਬੋ ਵੱਲੋਂ ਅੱਜ ਮੋੜ ਮੰਡੀ ਵਿਖੇ ਰਾਮਪੁਰਾ ਰਾਮਾਂ ਦੇ ਰੇਲਵੇ ਓਵਰਬ੍ਰਿਜ ਉੱਪਰ 12 ਤੋਂ 3 ਵਜੇ ਤੱਕ ਆਵਾਜਾਈ ਜਾਮ ਕੀਤੀ ਗਈ। ਇਸ ਦੌਰਾਨ ਇਕੱਠ ਨੂੰ ਸੰਬੋਧਨ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਈਸਰਖਾਨਾ ਨੇ ਕੀਤਾ।
ਮੰਡੀ ਘੁਬਾਇਆ (ਕੁਲਦੀਪ ਬਰਾੜ): ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਸ੍ਰੀ ਮੁਕਤਸਰ ਸਾਹਿਬ ’ਤੇ ਪਿੰਡ ਚੱਕ ਸੈਦੋਕੇ ਦੇ ਬੱਸ ਸਟੈਂਡ ‘ਤੇ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਪਿੰਡ ਚੱਕ ਸੈਦੋਕੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਆਗੂ ਕਾਮਰੇਡ ਮਨਦੀਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਲੜਾਈ ਆਪਣੀ ਹੋਂਦ ਦੀ ਲੜਾਈ ਹੈ।
ਮਾਨਸਾ (ਹਰਦੀਪ ਸਿੰਘ ਜਟਾਣਾ): ਇਥੇ ਲੋਕਾਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਸਹਿਯੋਗ ਦਿੱਤਾ ਗਿਆ ਤੇ ਉਨ੍ਹਾਂ ਨੇ 12 ਵਜੇ ਤੋਂ ਪਹਿਲਾਂ ਸੜਕਾਂ ’ਤੇ ਆਪਣੇ ਵਾਹਨ ਨਹੀਂ ਕੱਢੇ ਤੇ ਸੜਕਾਂ ’ਤੇ ਸਾਢੇ ਤਿੰਨ ਵਜੇ ਤੱਕ ਸੁੰਨ ਪੱਸਰੀ ਰਹੀ। ਪਿੰਡ ਖਿਆਲਾ ਕਲਾਂ, ਭੈਣੀ, ਠੂਠਿਆਂਵਾਲੀ, ਤਾਮਕੋਟ, ਕੋਟੜਾ ਕਲਾਂ, ਕੋਟ ਲੱਲੂ ਤੋਂ ਆਏ ਵੱਡੀ ਗਿਣਤੀ ਕਿਸਾਨਾਂ ਨੇ ਮਾਨਸਾ ਕੈਂਚੀਆਂ, ਖਿਆਲਾ ਕੈਂਚੀਆਂ, ਤਿਕੋਣੀ ਮਾਨਸਾ ਸਮੇਤ ਦਰਜਨ ਥਾਵਾਂ ’ਤੇ ਧਰਨੇ ਦਿੱਤੇ। ਇਸ ਦੌਰਾਨ ਕਿਸਾਨ ਆਗੂਆਂ ਨੇ ਸਹਿਯੋਗ ਦੇਣ ਬਦਲੇ ਲੋਕਾਂ ਦਾ ਧੰਨਵਾਦ ਕੀਤਾ।
ਝਨੀਰ (ਜੀਵਨ ਸਿੰਘ ਕ੍ਰਾਂਤੀ): ਕਸਬਾ ਝੁਨੀਰ ਦੇ ਵੱਖ-ਵੱਖ ਪਿੰਡਾਂ ਨੇ ਲੁਧਿਆਣਾ-ਸਿਰਸਾ ਮਾਰਗ ’ਤੇ ਪੈਂਦੇ ਝੁਨੀਰ ਬੱਸ ਅੱਡੇ ’ਤੇ ਆਵਾਜਾਈ ਠੱਪ ਕਰਕੇ ਧਰਨਾ ਲਾਇਆ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਿਸਾਨ ਯੂਨੀਅਨ ਦੇ ਅਮਰੀਕ ਸਿੰਘ ਕੋਟ ਧਰਮ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮਨਜੀਤ ਸਿੰਘ ਉਲਕ ਨੇ ਕਿਹਾ ਕਿ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਓਨਾ ਚਿਰ ਕਿਸਾਨਾਂ ਦੇ ਧਰਨੇ ਜਾਰੀ ਰਹਿਣਗੇ।
ਲੰਬੀ (ਇਕਬਾਲ ਸਿੰਘ ਸ਼ਾਂਤ): ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਦੇਸ਼ਿਵਆਪੀ ਚੱਕਾ ਜਾਮ ਤਹਿਤ ਲੰਬੀ ਹਲਕੇ ’ਚ ਸੱਤ ਜਗ੍ਹਾ ਸੜਕਾਂ ’ਤੇ ਧਰਨੇ ਲਗਾ ਕੇ ਤੇ ਖੇਤੀ ਕਾਨੂੰਨਾਂ ਖਿਲਾਫ਼ ਆਵਾਜ਼ ਉਠਾਈ ਗਈ। ਲੰਬੀ ਵਿੱਚ ਹਜ਼ਾਰਾਂ ਕਿਸਾਨਾਂ, ਨੌਜਵਾਨਾਂ, ਔਰਤਾਂ ਅਤੇ ਬੱਚਿਆਂ ਨੇ ਡੱਬਵਾਲੀ-ਮਲੋਟ ਨੈਸ਼ਨਲ ਹਾਈਵੇ-9 ’ਤੇ ਹਲਕਾ ਪੱਧਰੀ ਚੱਕਾ ਜਾਮ ਕਰਕੇ ਮੋਦੀ ਸਰਕਾਰ ਖਿਲਾਫ਼ ਭੜਾਸ ਕੱਢੀ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਪਿੰਡ ਭੋਤਨਾ ਵਿੱਚ ਬਰਨਾਲਾ ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰਕੇ ਤਿੰਨ ਘੰਟੇ ਲਈ ਧਰਨਾ ਲਗਾਇਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਵਲੋਂ ਚੱਕੇ ਜਾਮ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਆਗੂ ਬੁੱਕਣ ਸਿੰਘ ਸੱਦੋਵਾਲ, ਸੁਖਦੇਵ ਭੋਤਨਾ, ਗੁਰਨਾਮ ਸਿੰਘ ਭੋਤਨਾ ਅਤੇ ਸੰਦੀਪ ਕੌਰ ਪੱਤੀ ਨੇ ਕਿਹਾ ਕਿ 26 ਜਨਵਰੀ ਮਗਰੋਂ ਸੰਘਰਸ਼ ਹੋਰ ਤੇਜ਼ ਹੋਇਆ ਹੈ।
ਤਪਾ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਇਲਾਕੇ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਟਰੈਕਟਰਾਂ ਰਾਹੀਂ ਵਹੀਰਾਂ ਘੱਤ ਕੇ ਬਠਿੰਡਾ-ਜ਼ੀਰਕਪੁਰ ਹਾਈ ਵੇਅ ਦੇ ਨਵੇਂ ਬੱਸ ਸਟੈਂਡ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਗਾ-ਬਰਨਾਲਾ ਕੌਮੀ ਮਾਰਗ ਸਥਿਤ ਹਿੰਮਤਪੁਰਾ ਦੇ ਪੁਲ ’ਤੇ ਵਿਸ਼ਾਲ ਧਰਨਾ ਲਗਾਇਆ ਗਿਆ। ਇਸ ਧਰਨੇ ਨੂੰ ਕੁਲਦੀਪ ਕੌਰ ਕੁੱਸਾ, ਗੁਰਚਰਨ ਰਾਮਾ, ਕੇਵਲ ਬੱਧਨੀਂ ਤੇ ਬਰਿੰਦਰ ਕੌਰ ਰਾਮਾ ਸਣੇ ਹੋਰਨਾਂ ਆਗੂਆਂ ਸੰਬੋਧਨ ਕੀਤਾ।
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਇੱਥੋਂ ਦੇ ਕਰਾਂਤੀਕਾਰੀ ਚੌਕ ਅਤੇ ਪਿੰਡ ਪਿਪਲੀ ਦੇ ਬੱਸ ਅੱਡੇ ’ਤੇ ਖੇਤਰ ਦੇ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਪੂਰਨ ਚੱਕਾ ਜਾਮ ਰਿਹਾ।
ਕੋੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਅੱਜ ਕੋਟਕਪੂਰੇ ਸ਼ਹਿਰ ਦੀਆਂ ਸੜਕਾਂ ਤਿੰਨ ਘੰਟੇ ਲਈ ਜਾਮ ਰਹੀਆਂ। ਕਿਸਾਨਾਂ ਨੇ ਤਿੰਨਕੌਣੀ, ਬੱਤੀਆਂ ਵਾਲਾ ਚੌਕ ਅਤੇ ਮੁਕਤਸਰ ਰੋਡ ’ਤੇ ਆਵਾਜਾਈ ਠੱਪ ਕਰਕੇ ਕੇਂਦਰ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਏਕਤਾ (ਡਕੌਂਦਾ), ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ (ਸਿੱਧਪੁਰ) ਨੇ ਵੱਖ-ਵੱਖ ਮੋਰਚਿਆਂ ਰਾਹੀਂ ਖੇਤੀ ਕਾਨੂੰਨਾਂ ਬਾਰੇ ਸਰਕਾਰ ਦੀ ਮਨਸ਼ਾ ਲੋਕਾਂ ਵਿਚ ਉਜਾਗਰ ਕੀਤੀ।
ਅਬੋਹਰ (ਸੁੰਦਰ ਨਾਥ ਆਰੀਆ): ਸੰਯੁਕਤ ਮੋਰਚਾ ਦੇ ਸੱਦ ’ਤੇ ਅੱਜ ਕਿਸਾਨਾਂ ਵੱਲੋਂ ਸੀਤੇ ਚੌਕ ’ਤੇ ਚੱਕਾ ਜਾਮ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕਾਦੀਆਂ ਅਤੇ ਸੀਤੋ ਗੁੰਨੋਂ ਕਿਸਾਨ ਏਕਤਾ ਦੇ ਮੈਂਬਰ ਅੱਜ ਦੁਪਹਿਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਸ਼ਹੀਦ ਹੋਏ ਪਿੰਡ ਬਿਸ਼ਨਪੁਰਾਦੇ ਕਿਸਾਨ ਕਰਨ ਬਿਸ਼ਨੋਈ ਦੀ ਤਸਵੀਰ ’ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ।
ਸਰਦੂਲਗੜ੍ਹ (ਬਲਜੀਤ ਸਿੰਘ): ਇਥੇ ਚੱਕਾ ਜਾਮ ਨੂੰ ਭਰਵਾਂ ਹੁੰਗਾਰਾ ਮਿਲਿਆ। ਅੱਜ ਕਿਸਾਨਾਂ ਵੱਲੋਂ ਸਰਦੂਲਗੜ੍ਹ ਘੱਗਰ ਦੇ ਪੁਲ, ਫੱਤਾ ਮਾਲੋਕਾ ਬੱਸ ਅੱਡੇ ਅਤੇ ਝੁਨੀਰ ਬੱਸ ਅੱਡੇ ’ਤੇ ਦਿੱਤੇ ਧਰਨੇ ਵਿੱਚ ਭਾਰੀ ਮਾਤਰਾ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਗ੍ਰਿਫ਼ਤਾਰ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।
ਸਿਰਸਾ (ਪ੍ਰਭੂ ਦਿਆਲ): ਸਿਰਸਾ ਜ਼ਿਲ੍ਹੇ ਵਿੱਚ ਇਕ ਦਰਜਨ ਤੋਂ ਵੱਧ ਥਾਵਾਂ ’ਤੇ ਤਿੰਨ ਘੰਟੇ ਸੜਕਾਂ ਜਾਮ ਰਹੀਆਂ। ਜਾਮ ਦੌਰਾਨ ਮਰੀਜ਼ਾਂ, ਵਿਦਿਆਰਥੀਆਂ ਦੇ ਵਿਆਹ ਵਾਲੇ ਵਾਹਨਾਂ ਨੂੰ ਨਹੀਂ ਰੋਕਿਆ ਗਿਆ। ਜਾਣਕਾਰੀ ਮੁਤਾਬਿਕ ਨੈਸ਼ਨਲ ਹਾਈ ਵੇਅ ਨੌਂ ’ਤੇ ਭਾਵਦੀਨ ਤੇ ਖੁਈਆਂਮਲਕਾਣਾ ਤੋਂ ਇਲਾਵਾ ਪੰਜੂਆਣਾ ਤੇ ਸਾਹੂਵਾਲਾ ਨੇੜੇ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਸੰਯੁਕਤ ਕਿਸਾਨ ਮੋਰਚਾ ਨੇ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਕੇਂਦਰ ਸਰਕਾਰ ਵਿਰੁੱਧ ਰੋਸ ਧਰਨਾ ਦਿੰਦੇ ਹੋਏ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਚੱਕਾ ਜਾਮ ਕੀਤਾ। ਇਸ ਦੌਰਾਨ ਵੱਡੀ ਗਿਣਤੀ ’ਚ ਕਿਸਾਨ ਸ਼ਹੀਦ ਊਧਮ ਸਿੰਘ ਚੌਕ ਨਜ਼ਦੀਕ ਪਹੁੰਚੇ। ਰੋਸ ਧਰਨੇ ਦੀ ਅਗਵਾਈ ਕਰਦੇ ਕਿਸਾਨ ਆਗੂ ਗੁਰਵਿੰਦਰ ਸਿੰਘ ਮੰਨੇਵਾਲਾ, ਸਤਪਾਲ ਭੋਡੀਪੁਰ ਤੇ ਪੂਰਨ ਸਿੰਘ ਤੰਬੂਵਾਲਾ ਨੇ ਕੀਤੀ।
ਮਲੋਟ (ਲਖਵਿੰਦਰ ਸਿੰਘ): ਇਥੋਂ ਦੇ ਤਿਕੋਨੀ ਚੌਕ ‘ਚ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਸੈਂਕੜੇ ਕਿਸਾਨਾਂ ਨੇ ਧਰਨਾ ਲਗਾਇਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਲਖਣਪਾਲ ਸ਼ਰਮਾ, ਲੋਕ ਮੋਰਚਾ ਪੰਜਾਬ ਦੇ ਗੁਰਦੀਪ ਸਿੰਘ ਖੁੱਡੀਆਂ, ਮਿੰਟੂ ਗੁਰੂਸਰੀਆ, ਅਧਿਆਪਕ ਯੂਨੀਅਨ ਦੇ ਮਾਸਟਰ ਹਿੰਮਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਹੱਕ ਮੰਗਦੇ ਕਿਸਾਨਾਂ ‘ਤੇ ਮਾਨਸਿਕ ਅਤੇ ਸਰੀਰਕ ਤਸੀਹੇ ਦੇਣ ‘ਤੇ ਤੁਲੀ ਹੈ।
ਦੋਦਾ (ਜਸਵੀਰ ਸਿੰਘ ਭੁੱਲਰ): ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਬਲਾਕ ਪ੍ਰਧਾਨ ਸੁਖਚੈਨ ਸਿੰਘ ਬੁੱਟਰ, ਬੇਅੰਤ ਸਿੰਘ ਖਾਲਸਾ, ਬੂਟਾ ਸਿੰਘ ਇਕਾਈ ਪ੍ਰਧਾਨ ਦੀ ਅਗਵਾਈ ਹੇਠ ਦੋਦਾ ਵਿੱਚ ਨੈਸ਼ਨਲ ਹਾਈਵੇ 754 ਉਤੇ 3 ਤਿੰਨੇ ਘੰਟੇ ਲਈ ਜਾਮ ਲਾਇਆ ਗਿਆ ਅਤੇ ਐਂਬੂਲੈਂਸ ਅਤੇ ਬਰਾਤ ਤੋਂ ਬਿਨਾਂ ਕੋਈ ਵਾਹਨ ਸੜਕ ’ਤੇ ਨਹੀਂ ਚੱਲਣ ਦਿੱਤਾ। ਇਸ ਤੋਂ ਇਲਾਵਾ ਮੁਕਤਸਰ-ਬਠਿੰਡਾ ਸੜਕ ’ਤੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਪਿੰਡ ਭਲਾਈਆਣਾ ਵਿੱਚ ਚੱਕਾ ਜਾਮ ਕੀਤਾ ਗਿਆ।
ਭੀਖੀ (ਕਰਨ ਭੀਖੀ): ਸੰਯੁਕਤ ਕਿਸਾਨ ਮੋਰਚੇ ਵੱਲੋਂ ਬਲਾਕ ਪੱਧਰੀ ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਵੱਲੋਂ ਮਾਨਸਾ-ਪਟਿਆਲਾ ਮੁੱਖ ਮਾਰਗ ਬਰਨਾਲਾ ਚੌਕ ਨੂੰ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਭਾਜਪਾ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਨਾ ਮੰਨਣਾ, ਸੜਕਾਂ ’ਤੇ ਕਿੱਲ ਤੇ ਕੰਡਿਆਲੀਆਂ ਤਾਰਾਂ ਲਾਉਣਾ ਆਦਿ ਧੱਕੇਸ਼ਾਹੀਆਂ ਕਰ ਰਹੀ ਹੈ।
ਅਜੀਤਵਾਲ (ਗੁਰਪ੍ਰੀਤ ਦੌਧਰ): ਕਿਸਾਨ ਜਥੇਬੰਦੀਆਂ ਵਲੋਂ ਮੋਗਾ-ਲੁਧਿਆਣਾ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ। ਸੜਕ ‘ਤੇ ਕਿਸਾਨਾਂ ਵਲੋਂ ਵੱਡੇ ਪੱਧਰ ‘ਤੇ ਧਰਨਾ ਲਾਇਆ ਗਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬੂਟਾ ਸਿੰਘ, ਗੁਰਪ੍ਰੀਤ ਸਿੰਘ ਭਜੀ ਤੇ ਮਾਸਟਰ ਗੁਰਚਰਨ ਸਿੰਘ ਸਣੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਜ਼ੀਰਾ (ਹਰਮੇਸ਼ ਪਾਲ ਨੀਲੇਵਾਲ): ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ੀਰਾ ਵੱਲੋਂ ਜ਼ਿਲ੍ਹਾ ਜਰਨਲ ਸਕੱਤਰ ਗੁਰਚਰਨ ਸਿੰਘ ਮਲਸੀਆਂ ਅਤੇ ਨਛੱਤਰ ਸਿੰਘ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ 54 ਉਪਰ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਬੰਦ ਸੱਦੇ ਨੂੰ ਸਫਲ ਬਣਾਉਣ ਲਈ ਪਿੰਡ ਕਾਂਗੜ ਦੇ ਕਿਸਾਨਾਂ ਵੱਲੋਂ ਬਾਜਾਖਾਨਾ-ਬਰਨਾਲਾ ਸੜਕ ’ਤੇ ਟੀ-ਪੁਆਇੰਟ ਕਾਂਗੜ ਵਿੱਚ ਦੁਪਹਿਰ 12 ਵਜੇ ਤੋਂ ਤਿੰਨ ਵਜੇ ਤੱਕ ਜਾਮ ਲਗਾ ਕੇ ਕਿ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਬੀਕੇਯੂ ਡਕੌਂਦਾ ਦੇ ਆਗੂ ਬਲਵੀਰ ਚੰਦ ਕਾਂਗੜ ਤੇ ਸਤਨਾਮ ਸਿੰਘ ਸਣੇ ਹੋਰਨਾਂ ਨੇ ਸੰਬੋਧਨ ਕੀਤਾ।
ਤਲਵੰਡੀ ਸਾਬੋ (ਜਗਜੀਤ ਸਿੱਧੂ) ਬੀਕੇਯੂ (ਸਿੱਧੂਪੁਰ) ਦੀ ਅਗਵਾਈ ਵਿੱਚ ਜਿੱਥੇ ਵੱਖ-ਵੱਖ ਯੂਨੀਅਨਾਂ, ਜਥੇਬੰਦੀਆਂ, ਅਤੇ ਹਰ ਵਰਗ ਦੇ ਲੋਕਾਂ ਨੇ ਸਥਾਨਕ ਥਾਣੇ ਕੋਲ ਸ੍ਰੀ ਗੁਰੂ ਰਵਿਦਾਸ ਚੌਕ ਵਿੱਚ ਤਿੰਨ ਘੰਟੇ ਲਈ ਧਰਨਾ ਲਗਾ ਕੇ ਬਠਿੰਡਾ, ਮੌੜ, ਰਾਮਾਂ ਮੰਡੀ, ਦਿੱਲੀ ਸੜਕ ਮਾਰਗ ਜਾਮ ਕੀਤਾ ਤੇ ਸਿਆਸੀ ਲੋਕ ਵੀ ਕਿਸਾਨ ਝੰਡੇ ਹੇਠ ਧਰਨੇ ਵਿੱਚ ਪਹੁੰਚੇ, ਉੱਥੇ ਹੀ ਤਲਵੰਡੀ ਸਾਬੋ ਸ਼ਹਿਰ ਦੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਭਾਰਤ ਬੰਦ ਨੂੰ ਸਮਰਥਨ ਦਿੱਤਾ। ਇਸ ਦੌਰਾਨ ਬੀਕੇਯੂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜੋਧਾ ਸਿੰਘ ਨੰਗਲਾ ਤੇ ਬਲਾਕ ਪ੍ਰਧਾਨ ਮਹਿਮਾ ਸਿੰਘ ਚੱਠੇਵਾਲਾ ਸਰਕਾਰ ਨੂੰ ਭੰਡਿਆ।
ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਖੇਤੀ ਕਾਨੂੰਨਾਂ ਖਿਲਾਫ਼ ਡੱਬਵਾਲੀ ਹਲਕੇ ’ਚ ਚੱਕਾ ਜਾਮ ਪੂਰੀ ਤਰ੍ਹਾਂ ਸਫ਼ਲ ਰਿਹਾ। ਡੱਬਵਾਲੀ ਸ਼ਹਿਰ ਵਿੱਚ ਪੰਜਾਬੀ, ਹਰਿਆਣਾ, ਰਾਜਸਥਾਨ ਨੂੰ ਦਿੱਲੀ ਨਾਲ ਜੋੜਦੇ ਬਠਿੰਡਾ ਚੌਕ ’ਤੇ ਕਿਸਾਨਾਂ ਨੇ ਧਰਨਾ ਲਗਾ ਕੇ ਆਵਜਾਈ ਨੂੰ ਠੱਪ ਕੀਤੀ। ਇਸ ਤੋਂ ਇਲਾਵਾ ਖੂਈਆਂ ਮਲਕਾਣਾ ਟੌਲ ਪਲਾਜ਼ਾ, ਪਿਪਲੀ, ਔਢਾਂ, ਮਸੀਤਾਂ, ਗੋਰੀਵਾਲਾ ਅਤੇ ਅਬੁੱਬਸ਼ਹਿਰ ਵਿੱਚ ਚੱਕਾ ਜਾਮ ਰਿਹਾ।
ਮਮਦੋਟ (ਜਸਵੰਤ ਸਿੰਘ ਥਿੰਦ): ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਫਿਰੋਜ਼ਪੁਰ-ਫਾਜ਼ਿਲਕਾ ਮਾਰਗ ’ਤੇ ਧਰਨਾ ਲਾ ਕੇ ਚੱਕਾ ਜਾਮ ਕੀਤਾ ਗਿਆ। ਇਸ ਧਰਨੇ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਸਾਨਾਂ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਬਾਰੇ ਜਾਣੂ ਕਰਵਾਇਆ ਅਤੇ ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਰੱਦ ਕਰਨ ਦੀ ਅਪੀਲ ਕੀਤੀ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੱਖੋ ਕੈਂਚੀਆਂ ’ਤੇ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਭਾਕਿਯੂ ਡਕੌਂਡਾ, ਭਾਕਿਯੂ ਉਗਰਾਹਾਂ, ਭਾਕਿਯੂ ਕਾਦੀਆਂ ਅਤੇ ਹੋਰ ਕਿਸਾਨਾਂ ਸਮੇਤ ਵੱਖ-ਵੱਖ ਪਿੰਡਾਂ ਦੇ ਮੋਹਤਵਰ ਅਤੇ ਰਾਜਨੀਕਿਤ ਆਗੂ ਮੌਜੂਦ ਸਨ।
ਬਰੇਟਾ (ਸਤ ਪ੍ਰਕਾਸ਼ ਸਿੰਗਲਾ): ਸਾਂਝਾ ਕਿਸਾਨ ਮੋਰਚਾ ਵੱਲੋਂ ਇੱਥੋਂ ਦੀਆਂ ਕੈਂਚੀਆਂ ’ਤੇ 3 ਘੰਟੇ ਦਾ ਚੱਕਾ ਜਾਮ ਕਰਕੇ ਧਰਨਾ ਦਿੱਤਾ ਗਿਆ ਅਤੇ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਇਸ ਤੋਂ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।
ਬੋਹਾ (ਨਿਰੰਜਣ ਬੋਹਾ): ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਬੋਹਾ-ਬੁਢਲਾਡਾ ਮਾਰਗ ਜਾਮ ਕੀਤਾ ਗਿਆ।
ਮੰਡੀ ਲੱਖੇਵਾਲੀ (ਜਸਪ੍ਰੀਤ ਸਿੰਘ ਸੇਖੋਂ): ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ – ਅਬੋਹਰ ਰੋਡ ’ਤੇ ਪਿੰਡ ਚਿੱਬੜਾਂ ਵਾਲੀ ਵਿੱਚ ਚੱਕਾ ਜਾਮ ਕੀਤਾ ਕੀਤਾ ਗਿਆ।
ਸੰਗਤ ਮੰਡੀ (ਧਰਮਪਾਲ ਸਿੰਘ ਤੂਰ): ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਤ ਵੱਲੋਂ ਪਿੰਡ ਘੁੱਦਾ ਵਿੱਚ ਜਾਮ ਲਾਇਆ ਗਿਆ। ਇਸ ਮੌਕੇ ਕੇਂਦਰ ਦੀ ਫ਼ਿਰਕੂ ਫਾਸ਼ੀਵਾਦੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਵੱੱਲੋਂ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ
ਬੁਢਲਾਡਾ (ਐਨ.ਪੀ.ਸਿੰਘ): ਇਥੇ ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸ਼ਹਿਰ ਦੇ ਪ੍ਰਸਿੱਧ ਆਵਾਜਾਈ ਵਾਲੇ ਆਈ.ਟੀ.ਆਈ ਚੌਕ ਵਿੱਚ ਤਿੰਨ ਘੰਟੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਕਿਸਾਨਾਂ ਤੇ ਬੀਬੀਆਂ ਵੱਲੋਂ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਹ ਚੱਕਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਸਵਰਨਜੀਤ ਸਿੰਘ ਦਲਿਓ ਅਤੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਬਬਲੀ ਅਟਵਾਲ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਆੜ੍ਹਤੀ ਲਕਸ਼ਮੀ ਨਰਾਇਣ ਨੇਵਟੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੰਡਿਆ।
ਕੇਂਦਰ ਖ਼ਿਲਾਫ਼ ਟੌਲ ਪਲਾਜ਼ਿਆਂ ’ਤੇ ਧਰਨੇ ਜਾਰੀ
ਭੁੱਚੋ ਮੰਡੀ (ਪਵਨ ਗੋਇਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਨਥਾਣਾ ਤੇ ਰਾਮਪੁਰਾ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੇ ਬਠਿੰਡਾ ਜ਼ੀਰਕਪੁਰ ਕੌਮੀ ਮਾਰਗ ’ਤੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਚੱਕਾ ਜਾਮ ਕੀਤਾ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਬਲਜੀਤ ਪੂਹਲਾ, ਪਰਮਜੀਤ ਕੌਰ ਪਿੱਥੋ, ਕਰਮਜੀਤ ਕੌਰ ਲਹਿਰਾ ਤੇ ਮੋਠੂ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਰਵਾਈਆਂ ਕਰਕੇ ਸੰਘਰਸ਼ ਨੂੰ ਢਾਹ ਲਾਉਣ ਦੀਆਂ ਚਾਲਾਂ ਚੱਲ ਰਹੀ ਹੈ। ਇਸੇ ਤਰ੍ਹਾਂ ਭਾਕਿਯੂ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਕਿਸਾਨਾਂ ਨੇ ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਮਾਰਕੀਟ ਕੋਲ ਕੌਮੀ ਮਾਰਗ ’ਤੇ ਜਾਮ ਲਗਾਇਆ।
ਬਰਨਾਲਾ (ਪਰਸ਼ੋਤਮ ਬੱਲੀ): ਦਿੱਲੀ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੰਡੀਗੜ੍ਹ-ਬਠਿੰਡਾ ਹਾਈਵੇ ‘ਤੇ ਪੈਂਦੇ ਬਡਬਰ ਟੌਲ ਪਲਾਜ਼ਾ ’ਤੇ 12 ਤੋਂ 3 ਵਜੇ ਤੱਕ ਮੁਕੰਮਲ ਟਰੈਫਿਕ ਜਾਮ ਕਰਕੇ ਕੇਂਦਰੀ ਮੋਦੀ ਹਕੂਮਤ ਤੋਂ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਮੰਗੀ ਗਈ| ਇਸ ਦੌਰਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਦੀ ਘਟਨਾ ਨੂੰ ਲੈ ਕੇ ਕਿਸਾਨਾਂ ਅਤੇ ਆਗੂਆਂ ‘ਤੇ ਕੀਤੇ ਪੁਲੀਸ ਪਰਚੇ ਫੌਰੀ ਰੱਦ ਕੀਤੇ ਜਾਣੀ। ਇਸ ਮੌਕੇ ਜ਼ਿਲ੍ਹਾ ਆਗੂ ਭਗਤ ਸਿੰਘ ਛੰਨਾ, ਜਨਰਲ ਸਕੱਤਰ ਜਰਨੈਲ ਸਿੰਘ ਬਦਰਾ ਤੇ ਬਲੌਰ ਸਿੰਘ ਛੰਨਾ ਸਣੇ ਹੋਰਨਾਂ ਆਗੂਆਂ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ।
ਮਹਿਲ ਕਲਾਂ (ਨਵਕਿਰਨ ਸਿੰਘ): ਅੱਜ ਮਹਿਲ ਕਲਾਂ ਖੇਤਰ ਤਿੰਨ ਘੰਟੇ ਮੁਕੰਮਲ ਬੰਦ ਰਿਹਾ। ਕਿਸਾਨਾਂ ਵੱਲੋਂ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਕਈ ਥਾਂ ਧਰਨੇ ਦਿੱਤੇ ਗਏ। ਮਹਿਲ ਕਲਾਂ ਕਸਬੇ ਦਾ ਬਾਜ਼ਾਰ ਵੀ ਦੁਕਾਨਦਾਰਾਂ ਵੱਲੋਂ ਤਿੰਨ ਘੰਟੇ ਲਈ ਮੁਕੰਮਲ ਰੂਪ ਵਿੱਚ ਬੰਦ ਰੱਖਿਆ ਗਿਆ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਟੌਲ ਪਲਾਜ਼ਾ ਅੱਗੇ, ਬੱਸ ਸਟੈਂਡ ਮਹਿਲ ਕਲਾਂ, ਬੱਸ ਸਟੈਂਡ ਸਹਿਜੜ੍ਹਾ ’ਤੇ ਤਿੰਨ ਘੰਟੇ ਲਈ ਧਰਨੇ ਦਿੱਤੇ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਮਹਿਲ ਕਲਾਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ ਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਸਣੇ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਰਿਲਾਇੰਸ ਪੈਟਰੋਲ ਪੰਪ ਅੱਗੇ ਲੱਗੇ ਪੱਕੇ ਮੋਰਚੇ ’ਤੇ ਚੱਕਾ ਜਾਮ ਕੀਤਾ ਗਿਆ।