ਪੱਤਰ ਪ੍ਰੇਰਕ
ਮਾਨਸਾ, 26 ਫਰਵਰੀ
ਜ਼ਿਲ੍ਹੇ ਦੇ ਪਿੰਡ ਕਰਮਗੜ੍ਹ ਔਤਾਂਵਾਲੀ ਦੇ ਕਿਸਾਨ ਅੰਗਰੇਜ਼ ਸਿੰਘ ਦੀ ਜ਼ਮੀਨ ਦੀ ਨਿਲਾਮੀ ਉਸ ਵੇਲੇ ਰੁੱਕ ਗਈ, ਜਦੋਂ ਉਸ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂਆਂ ਨੇ ਝੰਡਾ ਚੁੱਕ ਲਿਆ। ਜਥੇਬੰਦੀ ਦੇ ਵਿਰੋਧ ਕਾਰਨ ਕੋਈ ਵੀ ਅਧਿਕਾਰੀ ਕੁਰਕੀ ਸਬੰਧੀ ਕਾਰਵਾਈ ਲਈ ਨਾ ਆਇਆ, ਜਿਸ ਤੋਂ ਬਾਅਦ ਤਹਿਸੀਲਦਾਰ ਦੇ ਦਫ਼ਤਰ ਅੱਗੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕਿਸਾਨ ਅੰਗਰੇਜ਼ ਸਿੰਘ ਨੇ ਮਾਨਸਾ ਦੇ ਇੱਕ ਆੜਤੀਏ ਤੋਂ ਸਾਢੇ ਤਿੰਨ ਲੱਖ ਰੁਪਏ ਲਏ ਸੀ, ਉਸ ਬਦਲੇ ਉਸਦੀ ਦੋ ਏਕੜ ਜ਼ਮੀਨ ਨਿਲਾਮ ਕਰਨ ਦੇ ਅਦਾਲਤ ਵੱਲੋਂ ਆਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਜ਼ਮੀਨ ਦੀ ਨਿਲਾਮੀ ਵਿਰੁੱਧ ਤਹਿਸੀਲਦਾਰ ਦਫ਼ਤਰ ਘੇਰਿਆ ਗਿਆ, ਜਿਸ ’ਤੇ ਕਾਗਜ਼ੀ ਕਾਰਵਾਈ ਲਈ ਕੋਈ ਅਧਿਕਾਰੀ ਨਾ ਆਇਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਕਤ ਕਿਸਾਨ ਦਾ ਕਰਜ਼ਾ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ।