ਇਕਬਾਲ ਸਿੰਘ ਸ਼ਾਂਤ
ਲੰਬੀ, 22 ਅਕਤੂਬਰ
ਅਨਾਜ ਮੰਡੀ ਕਿੱਲਿਆਂਵਾਲੀ ਵਿਚ ਝੋਨੇ ਦੀ ਖ਼ਰੀਦ ਵਿਚ ਪੰਜ ਤੋਂ ਅੱਠ ਫ਼ੀਸਦੀ ਕਟੌਤੀ, ਝੋਨੇ ਦੇ ਬੀਜ ਦੀ ਕਿਸਮ ਅਤੇ ਟੁੱਟ ਦੇ ਨਾਂਅ ’ਤੇ ਛੋਟੇ ਕਿਸਾਨਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ। ਇਸ ਖ਼ਿਲਾਫ਼ ਅੱਜ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਮੰਡੀ ਕਿੱਲਿਆਂਵਾਲੀ ਵਿਚ ਸੜਕ ੳੱੁਤੇ ਧਰਨਾ ਲਗਾ ਦਿੱਤਾ।
ਇਸ ਦੌਰਾਨ ਮੁਜ਼ਾਹਰਾਕਾਰੀ ਕਿਸਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਝੋਨੇ ਦੀ ਟੁੱਟ ਪੰਜ ਤੋਂ ਦੋ ਫ਼ੀਸਦੀ ਕਰਨ ਅਤੇ ਨਮੀ ਘੱਟ-ਵੱਧ ਦੇ ਬਹਾਨੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾਂ ਆੜ੍ਹਤੀਆਂ ਤੇ ਸ਼ੈਲਰ ਸੰਚਾਲਕਾਂ ਦੀਆਂ ਕਥਿਤ ਮਨਮਾਨੀਆਂ ਕਾਰਨ ਕਿਸਾਨ ਖੱਜਲ ਹੋ ਰਹੇ ਹਨ। ਕਿਸਾਨ ਆਗੂ ਡਾਕਟਰ ਪਾਲਾ ਸਿੰਘ ਸਣੇ ਹੋਰ ਕਿਸਾਨਾਂ ਨੇ ਕਿਹਾ ਕਿ ਉਹ ਕਰੀਬ ਦਸ ਦਿਨਾਂ ਤੋਂ ਦਾਣਾ ਮੰਡੀ ਵਿਚ ਭਟਕ ਰਹੇ ਹਨ। ਉਨ੍ਹਾਂ ਕਿਹਾ ਕਿ ਮੰਡੀ ਵਿਚ ਖ਼ਰੀਦ ਪ੍ਰਬੰਧ ਬੇਹੱਦ ਮਾੜੇ ਹਨ। ਮੰਡੀ ’ਚ ਵੱਡੇ ਕਿਸਾਨਾਂ ਵੱਲੋਂ ਗ਼ੈਰਕਾਨੂੰਨੀ ਤੌਰ ’ਤੇ ‘ਖਾਲੀ-ਭਰੀ’ ਤਹਿਤ ਵੇਚੀ ਫ਼ਸਲ ਸਹੀ ਢੰਗ ਨਾਲ ਉੱਠ ਰਹੀ ਹੈ, ਮੰਡੀ ਦੇ ਫੜ ’ਤੇ ਝੋਨੇ ਦੀ ਇਸ ਗ਼ਲਤ ਢੰਗ ਕੀਤੀ ਖ਼ਰੀਦ ਦੇ ਵੱਡੇ-ਵੱਡੇ ਢੇਰ ਗਵਾਹ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਉਹ ਖੇਤਾਂ ਵਿੱਚੋਂ ਮੰਡੀ ਵਿਚ 17 ਫ਼ੀਸਦੀ ਨਮੀ ਲੈ ਕੇ ਆਏ ਹਨ। ਸ਼ੈੱਲਰ ਵਾਲੇ ਦੋ-ਦੋ ਵਾਰ ਪੱਖੇ ਲਗਵਾਉਂਦੇ ਹਨ ਜਿਸ ਨਾਲ ਨਮੀ 14 ’ਤੇ ਆ ਰਹੀ ਹੈ। ਇਸ ਪੱਧਰ ’ਤੇ ਝੋਨੇ ’ਚ ਟੁੱਟ ਹੋ ਜਾਂਦੀ ਹੈ ਜਿਸਨੂੰ ਸ਼ੈਲਰ ਨਕਾਰ ਦਿੰਦੇ ਹਨ। ਘੁਮਿਆਰਾ ਦੇ ਕਿਸਾਨ ਹਰਦੀਪ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੇ ਝੋਨੇ ਦੀ ਨਮੀ 16 ਫ਼ੀਸਦੀ ਦੇ ਬਾਵਜੂਦ ਉਸ ਤੋਂ ਪ੍ਰਤੀ ਕੁਇੰਟਲ ਦੋ ਸੌ ਰੁਪਏ ਕਾਟ ਮੰਗੀ ਗਈ। ਨਾਂਹ ਕਰਨ ’ਤੇ ਉਸ ਦਾ ਝੋਨਾ ਖ਼ਰੀਦਿਆ ਨਹੀਂ ਗਿਆ। ਮਹਿਣਾ ਦੇ ਪਰਮਜੀਤ ਸਿੰਘ ਦੀ ਪੀਆਰ 14, ਪੀਆਰ 11 ਅਤੇ ਹਾਈਬ੍ਰਿਡ ਦੀ ਕਿਸਮਾਂ ਨੂੰ ਖ਼ਰੀਦਣ ਤੋਂ ਨਾਂਹ ਕੀਤੀ ਜਾ ਰਹੀ ਹੈ।
ਕਿਸਾਨਾਂ ਦੇ ਧਰਨੇ ਮਗਰੋਂ ਆੜ੍ਹਤੀਏ ਵੀ ਸਿੱਧੇ-ਅਸਿੱਧੇ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਦੇਖੇ ਗਏ। ਇਸ ਮੌਕੇ ਲੰਬੀ ਥਾਣੇ ਤੋਂ ਅਮਨਦੀਪ ਸਿੰਘ, ਚੌਕੀ ਮੁਖੀ ਪ੍ਰਿਤਪਾਲ ਸਿੰਘ ਆਦਿ ਮੌਜੂਦ ਸਨ। ਭਾਕਿਯੂ ਦੇ ਬਲਾਕ ਆਗੂ ਡਾ. ਪਾਲਾ ਸਿੰਘ ਨੇ ਕਿਹਾ ਕਿ ਅਫ਼ਸਰਾਂ ਵੱਲੋਂ ਸਹੀ ਖ਼ਰੀਦ ਦੇ ਭਰੋਸੇ ਮਗਰੋਂ ਧਰਨਾ ਮੁਲਤਵੀ ਕਰ ਦਿੱਤਾ ਗਿਆ।
ਕਿਸਾਨਾਂ ਵੱਲੋਂ ਸੰਘਰਸ਼ ਦੀ ਚਿਤਾਵਨੀ
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਖ਼ਰੀਦ ਕੇਂਦਰ ਸ਼ਹਿਣਾ ਵਿੱਚ ਝੋਨੇ ਦੇ ਢੇਰ ਲੱਗ ਗਏ ਹਨ, ਇੱਥੇ ਝੋਨੇ ਦੀ ਬੋਲੀ ਹੌਲੀ ਹੋ ਰਹੀ ਹੈ। ਝੋਨੇ ਦੇ ਵਿੱਚ ਨਮੀ ਕਾਰਨ ਖ਼ਰੀਦ ਵਿੱਚ ਦੇਰੀ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਕਈ ਕਈ ਦਿਨ ਮੰਡੀਆਂ ਵਿੱਚ ਰੁਕਣਾ ਪੈ ਰਿਹਾ ਹੈ। ਇੱਥੇ 17 ਫ਼ੀਸਦੀ ਨਮੀ ਵਾਲਾ ਝੋਨਾ ਵੀ ਨਹੀਂ ਖ਼ਰੀਦਿਆ ਜਾ ਰਿਹਾ ਹੈ। ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ, ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਅਤੇ ਹੋਰਨਾ ਨੇ ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ ਕਾਰਨ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ।
ਦਿੱਕਤ ਖ਼ਤਮ ਹੋਣ ਦਾ ਦਾਅਵਾ
ਮਾਰਕਫੈੱਡ ਦੇ ਇੰਸਪੈਕਟਰ ਸੁਖਰਾਜ ਸਿੰਘ ਨੇ ਕਿਹਾ ਕਿ ਮੁਕਤਸਰ ਖੇਤਰ ਦੇ ਕਈ ਸ਼ੈਲਰ ਇੱਥੇ ਖ਼ਰੀਦ ਕਰਨ ਲਈ ਤਾਇਨਾਤ ਹੋ ਗਏ ਹਨ। ਹੁਣ ਦਿੱਕਤ ਖ਼ਤਮ ਹੋ ਜਾਵੇਗੀ।