ਸੰਜੀਵ ਹਾਂਡਾ
ਫ਼ਿਰੋਜ਼ਪੁਰ, 27 ਜੁਲਾਈ
ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿਚ ਲੱਗੀ ਸ਼ਰਾਬ ਫ਼ੈਕਟਰੀ ਅਤੇ ਕਿਸਾਨਾਂ ਵਿਚਾਲੇ ਚੱਲ ਰਿਹਾ ਟਕਰਾਅ ਵਧਦਾ ਜਾ ਰਿਹਾ ਹੈ। ਕਿਸਾਨਾਂ ਨੇ ਫ਼ੈਕਟਰੀ ਦੇ ਅੰਦਰ ਖਾਣ-ਪੀਣ ਵਾਲੇ ਸਾਮਾਨ ਜਾਣ ’ਤੇ ਵੀ ਰੋਕ ਲਾ ਦਿੱਤੀ ਹੈ ਜਿਸ ਤੋਂ ਬਾਅਦ ਸਥਿਤੀ ਗੰਭੀਰ ਬਣਦੀ ਜਾ ਰਹੀ ਹੈ। ਦੱਸਣਯੋਗ ਹੈ ਕਿ ਫੈਕਟਰੀ ’ਚ ਮੁਲਾਜ਼ਮਾਂ ਦੀ ਰਿਹਾਇਸ਼ ਵੀ ਹੈੈ। ਧਰਨੇ ’ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਸ਼ਰਾਬ ਦੀ ਫ਼ੈਕਟਰੀ ਕਰਕੇ ਆਸ-ਪਾਸ ਦੇ ਇਲਾਕੇ ਦਾ ਪਾਣੀ ਪ੍ਰਦੂਸ਼ਿਤ ਹੋ ਗਿਆ ਹੈ ਤੇ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸ਼ਰਾਬ ਫ਼ੈਕਟਰੀ ਦੇ ਬਾਹਰ ਧਰਨੇ ਤੇ ਬੈਠੇ ਕਿਸਾਨਾਂ ਨੂੰ ਅੱਜ ਫ਼ੈਕਟਰੀ ਦੇ ਇੱਕ ਅਧਿਕਾਰੀ ਨੇ ਰਾਸ਼ਨ-ਪਾਣੀ ਦੀਆਂ ਗੱਡੀਆਂ ਫ਼ੈਕਟਰੀ ਦੇ ਅੰਦਰ ਆਉਣ ਦੀ ਅਪੀਲ ਕੀਤੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਕਿਹਾ ਕਿ ਉਹ ਫ਼ੈਕਟਰੀ ਅੰਦਰ ਕੰਮ ਕਰਦੇ ਵਰਕਰਾਂ ਵਾਸਤੇ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਅੰਦਰ ਜਾਣ ਤੋਂ ਨਾ ਰੋਕਣ। ਫ਼ੈਕਟਰੀ ਦੇ ਸਹਾਇਕ ਮੈਨੇਜਰ ਸਤਿੰਦਰ ਕੁਮਾਰ ਨੇ ਅੱਜ ਧਰਨਾਕਾਰੀਆਂ ਨੂੰ ਦੱਸਿਆ ਕਿ ਫ਼ੈਕਟਰੀ ਅੰਦਰ ਕੰਮ ਕਰਦੇ ਮੁਲਾਜ਼ਮਾਂ ਕੋਲ ਰਾਸ਼ਨ ਖ਼ਤਮ ਹੋ ਚੁੱਕਾ ਹੈ ਜਿਸ ਕਰਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਹਨ।
ਕੀ ਕਹਿੰਦੇ ਨੇ ਐੱਸਡੀਐੱਮ
ਐਸਡੀਐਮ ਜ਼ੀਰਾ ਇੰਦਰਪਾਲ ਨੇ ਪ੍ਰਦਰਸ਼ਨਕਾਰੀਆਂ ਨੂੰ ਦੱਸਿਆ ਕਿ ਭੂਮੀ ਰੱਖਿਆ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਫ਼ੈਕਟਰੀ ਦੇ ਆਲੇ ਦੁਆਲੇ ਦੇ ਮਿੱਟੀ ਅਤੇ ਹੋਰ ਲੋੜੀਂਦੇ ਸੈਂਪਲ ਲੈ ਲਏ ਗਏ ਹਨ ਤੇ ਇਸ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਲਈ ਰਾਸ਼ਨ ਪਾਣੀ ਅੰਦਰ ਜਾਣ ਤੋਂ ਨਾ ਰੋਕਿਆ ਜਾਵੇ। ਕਿਸਾਨ ਆਗੂਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ।