ਗੁਰਜੀਤ ਭੁੱਲਰ
ਰਾਮਪੁਰਾ ਫੂਲ 17 ਅਗੱਸਤ
ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਮੁੱਦਕੀ ਤੱਕ ਬਣ ਰਹੇ ਕੌਮੀ ਮਾਰਗ 254 ਨਾਲ ਲੱਗਦੇ ਖੇਤਾਂ ਦੇ ਕਿਸਾਨ ਇਸ ਸੜਕ ਨੂੰ ਬਣਾਉਣ ਲਈ ਕੀਤੀ ਮਾੜੀ ਯੋਜਨਾਬੰਦੀ ਕਾਰਨ ਪ੍ਰੇਸ਼ਾਨ ਹਨ। ਰਾਮਪੁਰਾ ਫੂਲ ਤੋਂ ਸਲਾਬਤਪੁਰਾ ਤੱਕ ਕੌਮੀ ਮਾਰਗ 254 ਤਹਿਤ ਬਣੇ ਸੜਕ ਦੇ ਟੋਟੇ ਦੀ ਪਟੜੀ ‘ਤੇ ਜਗ੍ਹਾ-ਜਗ੍ਹਾ ਤੇਜ਼ ਮੀਂਹ ਕਰਕੇ ਪਏ ਘਾਰਿਆਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਦੱਸਣਯੋਗ ਹੈ ਕਿ ਰਾਮਪੁਰਾ ਫੂਲ ਨੂੰ ਸਲਾਬਤਪੁਰਾ ਨਾਲ ਜੋੜਦੀ ਸੜਕ, ਜਿਹੜੀ ਕਿ ਪਹਿਲਾਂ ਜ਼ਿਲ੍ਹਾ ਮਾਰਗ ਸੀ, ਨੂੰ ਕੌਮੀ ਮਾਰਗ 254 ਦਾ ਹਿੱਸਾ ਬਣਾ ਕੇ 18 ਫੁੱਟ ਤੋਂ 24 ਫੁੱਟ ਤੱਕ ਚੌੜਾ ਕੀਤਾ ਗਿਆ ਹੈ। ਇਸ ਸਬੰਧੀ ਪਿੰਡ ਹਰਨਾਮ ਸਿੰਘ ਵਾਲਾ ਦੇ ਕਿਸਾਨ ਤਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਵੀ ਤੇਜ਼ ਮੀਂਹ ਪੈਂਦਾ ਹੈ ਤਾਂ ਪਟੜੀ ਦੀ ਸਾਰੀ ਮਿੱਟੀ ਖੁਰ ਕੇ ਉਨ੍ਹਾਂ ਦੇ ਖੇਤਾਂ ਵਿੱਚ ਚਲੀ ਜਾਂਦੀ ਹੈ, ਜਿਸ ਕਾਰਨ ਫ਼ਸਲ ਮਿੱਟੀ ਥੱਲੇ ਦੱਬ ਜਾਂਦੀ ਹੈ। ਸੜਕ ਦੇ ਠੇਕੇਦਾਰ ਵਲੋਂ ਇਸ ‘ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਕਿਸਾਨਾਂ ਨੂੰ ਪੱਲਿਉਂ ਪੈਸੇ ਖ਼ਰਚ ਕੇ ਘਾਰੇ ਪੂਰਨੇ ਪੈਂਦੇ ਹਨ। ਕਿਸਾਨ ਮਨਦੀਪ ਸਿੰਘ ਨੇ ਕਿਹਾ ਕਿ ਰਾਤ ਨੂੰ ਸਫਰ ਕਰਨ ਵਾਲੇ ਰਾਹਗੀਰਾਂ ਨੂੰ ਕਈ ਵਾਰ ਹਨੇਰੇ ਕਾਰਨ ਪਟੜੀ ‘ਚ ਪਏ ਘਾਰਿਆਂ ਦਾ ਪਤਾ ਨਹੀਂ ਚਲਦਾ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇੰਦਰਵੀਰ ਸਿੰਘ ਨੇ ਦੱਸਿਆ ਕੇ ਸੜਕ ਨੂੰ ਬਣਾਉਣ ‘ਚ ਵੱਡੇ ਪੱਧਰ ਦੀ ਅਣਗਹਿਲੀ ਕੀਤੀ ਗਈ ਹੈ, ਜਿਸ ਦਾ ਸਬੂਤ ਸੜਕ ‘ਤੇ ਬਣੀਆਂ ਪੁਲੀਆਂ ਹਨ, ਜੋ 6 ਮਹੀਨਿਆਂ ਦੇ ਅੰਦਰ ਹੀ ਬੈਠ ਗਈਆਂ ਹਨ। ਆਮ ਕਰਕੇ ਸਰਕਾਰ ਵਲੋਂ ਸੜਕ ਬਣਾਉਣ ਵੇਲੇ ਨਾਲ ਲੱਗਦੀ ਜ਼ਮੀਨ ਐਕੁਆਇਰ ਕਰਕੇ ਚੌੜੀ ਪਟੜੀ ਬਣਾਈ ਅਤੇ ਦਰੱਖ਼ਤ ਲਗਾਏ ਜਾਂਦੇ ਹਨ, ਪਰ ਇਹ ਆਪਣੇ ਕਿਸਮ ਦਾ ਅਨੋਖਾ ਕੌਮੀ ਮਾਰਗ ਹੈ, ਜਿਸ ਨਾਲ ਸਿਰਫ਼ 5 ਫੁੱਟ ਦੀ ਪਟੜੀ ਹੀ ਰੱਖੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਉਹ ਆਉਣ ਵਾਲੇ ਦਿਨਾਂ ‘ਚ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਉਧਰ ਸੜਕ ਬਣਾਉਣ ਵਾਲੇ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਇਨ੍ਹਾਂ ਘਾਰਿਆਂ ਵਾਲੀ ਥਾਂ ਨੂੰ ਠੀਕ ਕਰਵਾ ਦਿੱਤਾ ਜਾਵੇਗਾ।