ਰਵਿੰਦਰ ਰਵੀ
ਬਰਨਾਲਾ, 13 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ੳਗੁਰਾਹਾਂ) ਵੱਲੋਂ ਬਡਬਰ ਟੋਲ ਪਲਾਜ਼ਾ ’ਤੇ ਬਲਾਕ ਪ੍ਰਧਾਨ ਬਲੋਰ ਸਿੰਘ ਛੰਨਾ ਦੀ ਅਗਵਾਈ ‘ਚ ਧਰਨਾ ਲਾ ਕੇ ਪੰਜਾਬ ਸਰਕਾਰ ਤੇ ਟੌਲ ਪਲਾਜ਼ਾ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ| ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ, ਦਰਸ਼ਨ ਸਿੰਘ ਭੈਣੀ ਮਹਿਰਾਜ, ਜਰਨੈਲ ਸਿੰਘ ਜਵੰਧਾ ਪਿੰਡੀ, ਬਲਦੇਵ ਸਿੰਘ ਬਡਬਰ, ਬਲਵਿੰਦਰ ਸਿੰਘ ਛੰਨਾ, ਭਗਤ ਸਿੰਘ ਛੰਨਾ ਨੇ ਕਿਹਾ ਕਿ ਯੂਨੀਅਨ ਨੂੰ ਮਿਲੀਆਂ ਸ਼ਿਕਾਇਤਾਂ ‘ਚ ਕਿ ਜ਼ਿਲ੍ਹਾ ਬਰਨਾਲਾ ਅੰਦਰ ਪਹਿਲਾਂ ਚੱਲ ਰਹੇ ਪਲਾਜ਼ਿਆਂ ਤੇ ਦਿਹਾੜੀ ’ਤੇ ਰੱਖੇ ਵਿਅਕਤੀਆਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਟੌਲ ਪਲਾਜ਼ਾ ਪ੍ਰਬੰਧਕ ਧੱਕੇ ਨਾਲ ਸਰਕਾਰ ਤੇ ਪ੍ਰਸ਼ਾਸਨ ਦੀ ਸ਼ਹਿ ’ਤੇ ਟੌਲ ਪਲਾਜ਼ਾ ਚਲਾਉਣ ਦੀਆਂ ਤਿਆਰੀਆਂ ਕਰ ਰਹੇ ਹਨ ਪਰ ਅਸੀਂ ਇਲਾਕੇ ਦੇ ਵੀਹ ਪਿੰਡਾਂ ਨੂੰ ਟੌਲ ਮੁਕਤ ਕਰਵਾ ਕੇ ਰਹਾਂਗੇ| ਉਨ੍ਹਾਂ ਚਿਤਾਵਨੀ ਦਿੱਤੀ ਕਿ ਟੌਲ ਪਲਾਜ਼ਾ ਵਾਲੇ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ। ਉਨ੍ਹਾਂ ਕਿਹਾ ਕਿ ਬਡਬਰ, ਭੈਣੀ ਮਹਿਰਾਜ, ਹਰੀਗੜ੍ਹ, ਭੂਰੇ, ਕੁੱਬੇ, ਅਤਰਗੜ੍ਹ, ਜਵੰਧਾ ਪਿੰਡੀ, ਬੁੱਗਰਾਂ, ਧਨੌਲਾ, ਭੱਠਲਾਂ, ਕੱਟੂ, ਦਾਨਗੜ੍ਹ, ਕਾਲੇਕੇ, ਫਤਿਹਗੜ੍ਹ ਛੰਨਾ, ਭੈਣੀ ਜੱਸਾ, ਰਾਜਗੜ੍ਹ, ਉੱਪਲੀ, ਰਾਜੀਆਂ, ਅਸਪਾਲ, ਕੋਟਦੁੱਨਾਂ ਆਦਿ ਦਾ ਪੂਰਾ ਟੌਲ ਮੁਆਫ ਕਰਵਾ ਕੇ ਹੀ ਦਮ ਲਵਾਂਗੇ| ਇਸ ਮੌਕੇ ਨਰਿਪਜੀਤ ਸਿੰਘ ਬਡਬਰ, ਮਨੀ ਸਿੰਘ, ਅਮਰਜੀਤ ਕੌਰ, ਗੁਰਜੀਤ ਕੌਰ, ਮਨਿੰਦਰ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ’ਚ ਕਿਸਾਨ, ਮਜ਼ਦੂਰ, ਨੌਜਵਾਨ ਮੌਜੂਦ ਸਨ|