ਪੱਤਰ ਪ੍ਰੇਰਕ
ਮਾਨਸਾ, 9 ਅਕਤੂਬਰ
ਮਾਲਵਾ ਖੇਤਰ ਵਿੱਚ ਮੀਂਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦੇ ਖ਼ਰਾਬੇ ਲਈ ਪੰਜਾਬ ਸਰਕਾਰ ਵੱਲੋਂ ਧਾਰੀ ਹੋਈ ਚੁੱਪੀ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਨੇ ਅੰਦੋਲਨ ਆਰੰਭ ਕਰਨ ਦਾ ਫੈਸਲਾ ਕੀਤਾ ਹੈ। ਜਥੇਬੰਦੀ ਦਾ ਕਹਿਣਾ ਕਿ ਇਸ ਸਬੰਧੀ ਸੰਘਰਸ਼ ਮਾਨਸਾ ਦੀ ਧਰਤੀ ਤੋਂ 11 ਅਕਤੂਬਰ ਨੂੰ ਆਰੰਭ ਕੀਤਾ ਜਾਵੇਗਾ, ਜਿਸ ਤਹਿਤ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੂੰ ਘੇਰਿਆ ਜਾਵੇਗਾ। ਜਥੇਬੰਦੀ ਨੇ ਕਿਹਾ ਕਿ ਭਾਵੇਂ ਮਾਲਵਾ ਖੇਤਰ ਵਿੱਚ ਮਾਨਸਾ ਤੋਂ ਇਲਾਵਾ ਬਠਿੰਡਾ, ਫਾਜ਼ਿਲਕਾ, ਮੁਕਤਸਰ, ਫਾਜ਼ਿਲਕਾ,ਫਰੀਦਕੋਟ ਅਤੇ ਬਰਨਾਲਾ ਵਿੱਚ ਮੀਂਹਾਂ ਨੇ ਨੁਕਸਾਨ ਕੀਤਾ ਹੈ, ਪਰ ਮਾਨਸਾ ਦੇ ਅੰਦੋਲਨ ਤੋਂ ਬਾਅਦ ਦੂਸਰੇ ਜ਼ਿਲ੍ਹਿਆਂ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਸੰਘਰਸ਼ ਛੇਤੀ ਵਿੱਢਆ ਜਾਵੇਗਾ। ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮੀਂਹ ਕਾਰਨ ਕਾਫ਼ੀ ਵੱਡੀ ਪੱਧਰ ’ਤੇ ਘਰਾਂ ਦਾ ਨੁਕਸਾਨ ਹੋਇਆ ਹੈ ਅਤੇ ਝੋਨੇ ਤੇ ਨਰਮੇ ਦੀ ਫਸਲ ਬਰਬਾਦ ਹੋ ਚੁੱਕੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਫੌਰੀ ਤੌਰ ’ਤੇ ਪੀੜਤ ਕਿਸਾਨਾਂ ਦੀ ਬਾਂਹ ਫੜੀ ਜਾਵੇ।