ਇਕਬਾਲ ਸਿੰਘ ਸ਼ਾਂਤ
ਲੰਬੀ, 21 ਜਨਵਰੀ
ਡੱਬਵਾਲੀ ਵਿਚ ਆੜ੍ਹਤੀਏ ਵੱਲੋਂ ਕਿਸਾਨਾਂ ਨੂੰ ਯੂਰੀਆ ਖਾਦ ਕਥਿਤ ਤੌਰ ’ਤੇ 390 ਰੁਪਏ ਪ੍ਰਤੀ ਗੱਟਾ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨਾਂ ਵੱਲੋਂ ਵਿਵਾਦ ਖੜ੍ਹਾ ਕਰਨ ’ਤੇ ਆੜ੍ਹਤੀਏ ਨੇ ਕਿਸਾਨ ਖਿਲਾਫ਼ ਦਸ ਗੱਟੇ ਬਿਨਾਂ ਰੁਪਏ ਅਦਾ ਕੀਤੇ ਲਿਜਾਣ ਦੀ ਸ਼ਿਕਾਇਤ ਕਿੱਲਿਆਂਵਾਲੀ ਚੌਕੀ ਨੂੰ ਕਰ ਦਿੱਤੀ। ਇਸੇ ਵਿਚਕਾਰ ਕਿਸਾਨ ਵੱਲੋਂ ਪੰਜਾਬ ’ਚ ਗੁਦਾਮ ਦੀ ਵੀਡੀਓ ਬਣਾਉਣ ’ਤੇ ਗੁਦਾਮ ਮਾਲਕ-ਕਮ-ਪੈਸਟੀਸਾਈਡ ਡੀਲਰ ਦੇ ਰਿਸ਼ਤੇਦਾਰ ਨਾਲ ਝਗੜਾ ਹੋ ਗਿਆ। ਇਸ ਕਾਰਨ ਹਰਿਆਣਾ ਤੇ ਪੰਜਾਬ ਦੇ ਕਿਸਾਨ ਗੁਦਾਮ ਅੱਗੇ ਇਕੱਠੇ ਹੋ ਗਏ। ਮੌਕੇ ’ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਪੁੱਜ ਗਏ। ਪਿੰਡ ਚੱਠਾ ਦੇ ਕਿਸਾਨ ਬੁੱਧ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਡੱਬਵਾਲੀ ’ਚ ਇੱਕ ਦੁਕਾਨ ਤੋਂ ਉਸ ਨੇ ਯੂਰੀਆ ਖਾਦ ਮੰਗੀ ਤਾਂ ਉਨ੍ਹਾਂ ਪੰਜਾਬ ਖੇਤਰ ਮੰਡੀ ਕਿੱਲਿਆਂਵਾਲੀ ਤੋਂ 390 ਰੁਪਏ ਪ੍ਰਤੀ ਗੱਟਾ ਦਿਵਾਉਣ ਦੀ ਗੱਲ ਆਖੀ। ਆੜ੍ਹਤੀਏ ਨੇ ਪਰਚੀ ਦੇ ਕੇ ਗੱਟੇ ਚੁੱਕਣ ਲਈ ਆਖਿਆ। ਬੁੱਧ ਸਿੰਘ ਨੇ ਕਿਸਾਨ ਯੂਨੀਅਨ ਨੂੰ ਸੂਚਿਤ ਕਰ ਦਿੱਤਾ। ਕਿਸਾਨ ਆਗੂ ਬਲਵੀਰ ਸਿੰਘ ਚੱਠਾ ਹਰਿਆਣਾ ਸੀਆਈਡੀ ਦੇ ਇੱਕ ਸਥਾਨਕ ਅਧਿਕਾਰੀ ਨੂੰ ਲੈ ਕੇ ਕਿੱਲਿਆਂਵਾਲੀ ਆੜ੍ਹਤੀਏ ਪਿੱਛੇ ਪੁੱਜ ਗਏ। ਆੜ੍ਹਤੀਏ ਨੇ ਵੱਧ ਰੁਪਏ ਵਸੂਲਣ ਤੋਂ ਨਾਂਹ ਕਰਦੇ ਹੋਏ ਗੱਟਿਆਂ ਨਾਲ ਕੀਟਨਾਸ਼ਕ ਦੇਣ ਦੀ ਗੱਲ ਆਖੀ। ਸੀਆਈਡੀ ਮੁਲਾਜ਼ਮ ਮੁਤਾਬਕ ਕਿਸਾਨਾਂ ਦੇ ਵਿਰੋਧ ’ਤੇ ਉਸ ਨੇ ਪੰਜ ਸੌ ਰੁਪਏ ਵਾਪਸ ਕਰ ਦਿੱਤੇ।
ਖੇਤੀਬਾੜੀ ਵਿਭਾਗ ਦੇ ਏਡੀਓ ਸੁਖਚੈਨ ਸਿੰਘ ਨੇ ਕਿਹਾ ਕਿ ਗੁਦਾਮ ਦਾ ਰਿਕਾਰਡ ਅਤੇ ਮਾਲ ਬਰਾਬਰ ਪਾਏ ਗਏ। ਗੁਦਾਮ ਮਾਲਕ ਭੁਪਿੰਦਰ ਸਿੰਘ ਨੇ ਕਿਹਾ ਕਿ ਅਕਸਰ ਪਰਚੀ ’ਤੇ ਆੜ੍ਹਤੀਏ ਕਿਸਾਨਾਂ ਨੂੰ ਯੂਰੀਆ ਆਦਿ ਚੁਕਵਾਉਣ ਲਈ ਭੇਜ ਦਿੰਦੇ ਹਨ। ਉਸ ਨੇ ਸਰਕਾਰੀ ਕੀਮਤ ’ਤੇ ਖਾਦ ਵੇਚੀ ਹੈ। ਖ਼ਬਰ ਲਿਖੇ ਜਾਣ ਤੱਕ ਮਾਮਲਾ ਭਖਿਆ ਹੋਇਆ ਸੀ।