ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 16 ਅਪਰੈਲ
ਥਾਣਾ ਨਿਹਾਲ ਸਿੰਘ ਵਾਲਾ ਤਹਿਤ ਪੁਲੀਸ ਚੌਕੀ ਦੀਨਾ ਸਾਹਿਬ ਵੱਲੋਂ ਪਿੰਡਾਂ ਦੇ ਗੁਰਦੁਆਰਿਆਂ ਰਾਹੀਂ ਕਿਸਾਨਾਂ ਨੂੰ ਵੀਹ ਦਿਨਾਂ ਤੱਕ ਕਣਕ ਦੇ ਨਾੜ ਤੋਂ ਤੂੜੀ ਨਾ ਬਣਾਏ ਜਾਣ ਬਾਰੇ ਹੁਕਮ ਸੁਣਾਏ ਗਏ ਹਨ, ਜਿਸ ਕਾਰਨ ਗੁੱਸੇ ਵਿੱਚ ਆ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਸੁਦਾਗਰ ਸਿੰਘ ਖਾਈ ਦੀ ਅਗਵਾਈ ਹੇਠ ਕਿਸਾਨਾਂ ਦਾ ਵਫ਼ਦ ਚੌਕੀ ਇੰਚਾਰਜ ਨੂੰ ਮਿਲਿਆ।
ਉਨ੍ਹਾਂ ਚੌਕੀ ਇੰਚਾਰਜ ਨੂੰ ਮੰਗ ਪੱਤਰ ਦੇ ਕੇ ਜ਼ਿਲ੍ਹੇ ਦੇ ਪ੍ਰਸ਼ਾਸਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜੇ ਉਹ ਇੰਨੇ ਦਿਨਾਂ ਵਿੱਚ ਜੇਕਰ ਅੱਗਜ਼ਨੀ ਨਾਲ ਕਿਸਾਨਾਂ ਦਾ ਟਾਂਗਰ, ਕਣਕ ਸੜਨ ਅਤੇ ਹੋਰ ਜਾਨੀ, ਮਾਲੀ ਨੁਕਸਾਨ ਦੇ ਜ਼ਿੰਮੇਵਾਰ ਹਨ ਤਾਂ ਉਹ ਆਪਣੇ ਟਾਂਗਰ ਨੂੰ ਹੱਥ ਨਹੀਂ ਲਗਾਉਣਗੇ।
ਸੁਦਾਗਰ ਸਿੰਘ ਖਾਈ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੇ ਟਾਂਗਰ ਨੂੰ ਅੱਗ ਨਾ ਲਗਾਈ ਜਾਵੇ ਸਗੋਂ ਧਰਤੀ ਮਾਂ ਦੀ ਕੁੱਖ ਨੂੰ ਸੜਨ ਤੋਂ ਨੂੰ ਬਚਾਇਆ ਜਾਵੇ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਵੇਗਾ। ਇਸ ਮੌਕੇ ਕਾਕਾ ਸਿੰਘ ਬੁਰਜ ਹਮੀਰਾ, ਜਗਦੇਵ ਸਿੰਘ ਗਾਜੀਆਣਾ, ਭੋਲਾ ਸਿੰਘ ਪੱਖਰਵੱਡ, ਬਸੰਤ ਸਿੰਘ ਰੌਂਤਾ, ਗੁਰਚਰਨ ਸਿੰਘ ਦੀਨਾ ਸਮੇਤ ਕਿਸਾਨ ਆਗੂ ਮੌਜੂਦ ਸਨ।