ਗੁਰਪ੍ਰੀਤ ਦੌਧਰ
ਅਜੀਤਵਾਲ, 25 ਅਪਰੈਲ
ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ-1 ਦੇ ਬਲਾਕ ਆਗੂ ਨਛੱਤਰ ਸਿੰਘ ਹੇਰ ਦੀ ਅਗਵਾਈ ਹੇਠ ਕਿਸਾਨਾਂ ਨੇ ਅਜੀਤਵਾਲ ਵਿੱਚ ਦਾਣਾ ਮੰਡੀ ਦੇ ਸਾਹਮਣੇ ਮੋਗਾ-ਲੁਧਿਆਣਾ ਕੌਮੀ ਮਾਰਗ ਨੂੰ ਧਰਨਾ ਲਗਾ ਕੇ ਜਾਮ ਕੀਤਾ। ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਨੇ ਕਿਹਾ ਕਿ ਬਾਰਦਾਨੇ ਦੀ ਘਾਟ ਕਾਰਨ ਅਜੀਤਵਾਲ, ਕੋਕਰੀ ਕਲਾਂ, ਕਪੂਰੇ ਅਤੇ ਢੁੱਡੀਕੇ ਦੀਆਂ ਚਾਰ ਮੰਡੀਆਂ ਵਿੱਚ ਕਿਸਾਨ ਕਈ ਦਿਨਾਂ ਤੋਂ ਬੈਠੇ ਹੋਏ ਹਨ। ਇਸ ਤੋਂ ਪਹਿਲਾਂ ਕਿਸਾਨਾਂ ਨੇ ਗੁਰਦੁਆਰਾ ਕਿਲੀ ਚਾਹਲਾਂ ਵਿੱਚ ਮੀਟਿੰਗ ਕੀਤੀ, ਜਿਸ ਵਿੱਚ ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਵੀ ਹਾਜ਼ਰ ਹੋਏ। ਕਿਸਾਨਾਂ ਨੇ ਤਿੰਨ ਵਜੇ ਤਕ ਰੋਡ ਜਾਮ ਕੀਤਾ। ਜਾਮ ਦੌਰਾਨ ਡੀ.ਐੱਸ.ਪੀ ਨਿਹਾਲ ਸਿੰਘ ਵਾਲਾ ਪਰਸਨ ਸਿੰਘ, ਡੀ.ਐੱਸ.ਪੀ ਸੁਖਵਿੰਦਰ ਸਿੰਘ ਅਤੇ ਐੱਸ.ਐੱਚ.ਓ. ਸੁਖਜਿੰਦਰ ਅਜੀਤਵਾਲ ਤੇ ਖਰੀਦ ਏਜੰਸੀਆਂ ਦੇ ਨੁਮਾਇੰਦੇ ਪਹੁੰਚੇ। ਗੱਲਬਾਤ ਤੋਂ ਬਾਅਦ ਤੈਅ ਹੋ ਗਿਆ ਕਿ ਵੱਖ ਵੱਖ ਮੰਡੀਆਂ ਵਿੱਚ ਬਾਰਦਾਨੇ ਦੀ ਸਪਲਾਈ ਭੇਜ ਦਿੱਤੀ ਜਾਵੇਗੀ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਪਿੰਡ ਕੋਟਲੀ ਸੰਘਰ ਦੀ ਅਨਾਜ ਮੰਡੀ (ਫੋਕਲ ਪੁਆਇੰਟ) ’ਚ ਇਕੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਬਾਰਦਾਨੇ ਦੀ ਘਾਟ ਤੇ ਲਿਫਟਿੰਗ ਦੀ ਸਮੱਸਿਆ ਸਬੰਧੀ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਕਿਯੂ ਕਾਦੀਆਂ ਦੇ ਬਲਾਕ ਪ੍ਰਧਾਨ ਗੁਰਮੀਤ ਸਿੰਘ, ਹਰਜੀਤ ਸਿੰਘ, ਸੁਖਮੰਦਰ ਸਿੰਘ, ਸਾਧਾ ਸਿੰਘ ਹਾਜ਼ਰ ਸਨ। ਪਨਸਪ ਏਜੰਸੀ ਦੇ ਇੰਸਪੈਕਟਰ ਅਰਵਿੰਦਰ ਸਿੰਘ ਨੇ ਕਿਹਾ ਕਿ ਲਿਫਟਿੰਗ ਦੇ ਕੰਮ ’ਚ ਤੇਜ਼ੀ ਲਿਆਂਦੀ ਜਾ ਰਹੀ ਹੈ ਅਤੇ ਜਲਦੀ ਲਿਫਟਿੰਗ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੁਰਾਣੇ ਬਾਰਦਾਨੇ ਦੀ ਮਨਜ਼ੂਰੀ ਦਿੱਤੀ ਹੈ, ਜੋ ਪਿੱਛੋਂ ਹੀ ਘੱਟ ਆ ਰਿਹਾ ਹੈ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਲਿਫ਼ਟਿੰਗ ਦੀ ਸਮੱਸਿਆ ਕਾਰਨ ਇਲਾਕੇ ਦੇ ਖਰੀਦ ਕੇਂਦਰ ਗੱਟਿਆਂ ਨਾਲ ਭਰੇ ਪਏ ਹਨ। ਅਦਾਇਗੀ ਤੇ ਬਾਰਦਾਨੇ ਦੀ ਸਮੱਸਿਆ ਵੀ ਬਣੀ ਹੋਈ ਹੈ। ਭੁੱਚੋ ਦੀ ਅਨਾਜ ਮੰਡੀ ਵਿੱਚ 5960 ਟਨ ਕਣਕ ਚੁਕਾਈ ਦੀ ਉਡੀਕ ਵਿੱਚ ਹੈ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਗਰਗ ਨੇ ਕਿਹਾ ਕਿ 18 ਅਪਰੈਲ ਤੋਂ ਕਣਕ ਦੀ ਅਦਾਇਗੀ ਵੀ ਨਹੀਂ ਹੋਈ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਮਾੜੇ ਖ਼ਰੀਦ ਪ੍ਰਬੰਧਾਂ ਤੋਂ ਅੱਕੇ ਕਿਸਾਨਾਂ ਨੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਪਿੰਡ ਜਲਾਲ ਦੀ ਅਨਾਜ ਮੰਡੀ ਵਿੱਚ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਪਨਸਪ ਦੇ ਖ਼ਰੀਦ ਇੰਸਪੈਕਟਰ ਨੂੰ ਵੀ ਚਿਤਾਵਨੀ ਦਿੱਤੀ ਕਿ ਜੇ ਜਲਦ ਕਣਕ ਦੀ ਤੁਲਾਈ ਸ਼ੁਰੂ ਨਾ ਕੀਤੀ ਗਈ ਤਾਂ ਉਹ ਸੜਕ ਜਾਮ ਕਰਨਗੇ।
ਅਕਾਲੀ ਦਲ ਵੱਲੋਂ ਖਰੀਦ ਪ੍ਰਬੰਧਾਂ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਭਰ ਵਿੱਚ ਕਣਕ ਦੀ ਖਰੀਦ ਵਿੱਚ ਕਿਸਾਨਾਂ ਨੂੰ ਆ ਰਹੀਆਂ ਦਿੱਕਤਾਂ ਦੇ ਮੁੱਦੇ ’ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫ਼ਦ ਨੇ ਇੱਥੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਦੋਸ਼ ਲਾਇਆ ਕਿ ਕਣਕ ਲਈ ਬਾਰਦਾਨਾ ਖਰੀਦਣ ਅਤੇ ਬਾਕੀ ਪ੍ਰਬੰਧ ਕਰਨ ਵਿੱਚ ਕਥਿੱਤ ਤੌਰ ’ਤੇ ਵੱਡਾ ਘਪਲਾ ਹੋਇਆ ਹੈ ਅਤੇ ਇਸ ਮਾਮਲੇ ਦੀ ਤੁਰੰਤ ਨਿਰਪੱਖ ਪੜਤਾਲ ਕੀਤੀ ਜਾਵੇ। ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਹੇਠ ਅਕਾਲੀ ਆਗੂ ਸੂਬਾ ਸਿੰਘ ਬਾਦਲ, ਗੁਰਚੇਤ ਸਿੰਘ ਢਿੱਲੋਂ, ਸਤੀਸ਼ ਗਰੋਵਰ, ਵਿਜੈ ਛਾਬੜਾ ਨੇ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਪਿਛਲੇ ਦੋ ਹਫ਼ਤਿਆਂ ਤੋਂ ਮੰਡੀਆਂ ਵਿੱਚ ਕਣਕ ਵੇਚਣ ਲਈ ਬੈਠੇ ਹਨ ਪਰ ਸੁਚੱਜੇ ਖਰੀਦ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲ਼ਣਾ ਪੈ ਰਿਹਾ ਹੈ। ਅਕਾਲੀ ਆਗੂ ਸੁਖਵਿੰਦਰ ਸਿੰਘ, ਅਨੁਪ੍ਰਤਾਪ ਸਿੰਘ, ਮਨਦੀਪ ਸਿੰਘ ਰੂਬੀ ਨੇ ਕਿਹਾ ਕਿ ਜੇ ਸਰਕਾਰ ਨੇ ਬਿਨਾਂ ਦੇਰੀ ਖਰੀਦ ਪ੍ਰਬੰਧ ਨਾ ਸੁਧਾਰੇ ਤਾਂ ਅਕਾਲੀ ਦਲ ਸਰਕਾਰ ਖ਼ਿਲਾਫ਼ ਸੜਕਾਂ ’ਤੇ ਉੱਤਰ ਆਵੇਗਾ। ਅਕਾਲੀ ਦਲ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਵੀ ਸੌਂਪਿਆ।