ਨਵਕਿਰਨ ਸਿੰਘ
ਮਹਿਲ ਕਲਾਂ, 10 ਜੁਲਾਈ
ਸੂਬੇ ਭਰ ਵਿੱਚ ਜਦੋਂ ਅੱਜ ਪਾਣੀ ਦਾ ਸੰਕਟ ਬਣਿਆ ਹੋਇਆ ਹੈ, ਇਸੇ ਦੌਰਾਨ ਇੱਥੋਂ ਨੇੜਲੇ ਪਿੰਡ ਠੁੱਲੇਵਾਲ ਦਾ ਕਿਸਾਨ ਹਰਬੰਤ ਸਿੰਘ (62) ਤੁਪਕਾ ਸਿੰਜਾਈ ਤਕਨੀਕ ਅਪਣਾ ਕੇ 80 ਤੋਂ 90 ਫ਼ੀਸਦੀ ਤੱਕ ਪਾਣੀ ਦੀ ਬੱਚਤ ਕਰ ਰਿਹਾ ਹੈ। ਡੇਢ ਕਨਾਲ ਤੋਂ ਸ਼ੁਰੂਆਤ ਕਰਨ ਵਾਲੇ ਸਾਬਕਾ ਸਰਪੰਚ ਹਰਬੰਤ ਸਿੰਘ ਵੱਲੋਂ ਮੌਜੂਦਾ ਸਮੇਂ ਤਿੰਨ ਏਕੜ ਦੇ ਕਰੀਬ ਰਕਬੇ ’ਚ ਡਰੈਗਨ ਫਰੂਟ ਤੇ ਹੋਰ ਫਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਹਰਬੰਤ ਸਿੰਘ ਨੇ ਦੱਸਿਆ ਕਿ ਉਸ ਨੇ ਟੈਲੀਵਿਜ਼ਨ ’ਤੇ ਡਰੈਗਨ ਫਰੂਟ ਦੀ ਖੇਤੀ ਬਾਰੇ ਦੇਖਿਆ ਸੀ। ਇਸ ਮਗਰੋਂ ਉਨ੍ਹਾਂ ਨੇ ਆਪਣੇ ਪੁੱਤਰ ਸਤਨਾਮ ਸਿੰਘ ਨਾਲ ਸਲਾਹ ਕਰ ਕੇ ਡਰੈਗਨ ਫਰੂਟ ਦੀ ਖੇਤੀ ਦੀ ਵਿਉਂਤ ਬਣਾਈ।
ਉਨ੍ਹਾਂ ਦੱਸਿਆ ਕਿ ਇਸ ਬਾਰੇ ਮੁੱਢਲੀ ਜਾਣਕਾਰੀ ਹਾਸਲ ਕਰਨ ਲਈ ਸਾਲ 2016 ’ਚ ਅਹਿਮਦਾਬਾਦ (ਗੁਜਰਾਤ) ਦਾ ਦੌਰਾ ਕੀਤਾ ਤੇ ਉੱਥੋਂ 70-80 ਦੇ ਕਰੀਬ ਕਲਮਾਂ ਲਿਆਂਦੀਆਂ ਸਨ। 2018 ’ਚ ਪੂਰਨ ਤੌਰ ’ਤੇ ਇਹ ਖੇਤੀ ਅਪਣਾ ਲਈ। ਉਨਾਂ ਦੱਸਿਆ ਕਿ ਸ਼ੁਰੂਆਤੀ ਸਮੇਂ ਵਿੱਚ ਇਸ ਨੂੰ ਸ਼ੁਰੂ ਕਰਨ ’ਤੇ ਪੋਲਾਂ, ਸਿੰਜਾਈ ਪ੍ਰਬੰਧ, ਲੇਬਰ ਆਦਿ ’ਤੇ 4 ਲੱਖ ਪ੍ਰਤੀ ਏਕੜ ਦੇ ਕਰੀਬ ਖ਼ਰਚਾ ਆਇਆ ਸੀ ਜੋ ਕਰੀਬ 2 ਸਾਲਾਂ ’ਚ ਪੂਰਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੰਡੀਕਰਨ ਦੀ ਕੋਈ ਦਿੱਕਤ ਪੇਸ਼ ਨਹੀਂ ਆਉਂਦੀ ਕਿਉਂਕਿ ਖੇਤ ਤੋਂ ਹੀ ਸਾਰੀ ਫ਼ਸਲ ਆਰਡਰ ’ਤੇ ਵਿਕ ਜਾਂਦੀ ਹੈ।
ਡੀਸੀ ਬਰਨਾਲਾ ਡਾ. ਹਰੀਸ਼ ਨਈਅਰ ਨੇ ਪਿੰਡ ਠੁੱਲੇਵਾਲ ਦੇ ਕਿਸਾਨ ਹਰਬੰਤ ਸਿੰਘ ਦੇ ਉਦਮ ਦੀ ਸ਼ਲਾਘਾ ਕਰਦਿਆਂ ਕੀਤੀ ਹੈ। ਡਿਪਟੀ ਡਾਇਰੈਕਟਰ ਬਾਗ਼ਬਾਨੀ ਨਿਰਵੰਤ ਸਿੰਘ ਨੇ ਦੱਸਿਆ ਕਿ ਕਲਮ ਲਾਉਣ ਦਾ ਢੁਕਵਾਂ ਸਮਾਂ ਜੁਲਾਈ-ਅਗਸਤ ਹੈ। ਭੌਂ ਰੱਖਿਆ ਅਫਸਰ ਬਰਨਾਲਾ ਮਨਦੀਪ ਸਿੰਘ ਨੇ ਦੱਸਿਆ ਕਿ ਤੁਪਕਾ/ਫੁਹਾਰਾ ਸਿੰਜਾਈ ਤਕਨੀਕ ਅਪਣਾ ਕੇ ਕਿਸਾਨ 80 ਫ਼ੀਸਦੀ ਤੱਕ ਪਾਣੀ ਦੀ ਬੱਚਤ ਕਰ ਸਕਦੇ ਹਨ।