ਲਖਵੀਰ ਸਿੰਘ ਚੀਮਾ
ਟੱਲੇਵਾਲ, 30 ਮਈ
ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਲਗਾਤਾਰ ਛੇ ਮਹੀਨੇ ਲਗਾਉਣ ਵਾਲੇ ਪਿੰਡ ਦੀਵਾਨਾ ਦੇ ਕਿਸਾਨ ਆਗੂ ਬਾਵਾ ਸਿੰਘ ਦੀਵਾਨਾ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਉਹ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪਿੰਡ ਦੀਵਾਨਾ ਇਕਾਈ ਦੇ ਪ੍ਰਧਾਨ ਸਨ। ਉਹ ਪਿਛਲੇ ਕਈ ਦਿਨਾਂ ਤੋਂ ਕਰੋਨਾ ਤੋਂ ਪੀੜਤ ਸਨ। ਅੱਜ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਬਲਾਕ ਮੀਤ ਪ੍ਰਧਾਨ ਹਰਜੀਤ ਸਿੰਘ ਦੀਵਾਨਾ ਤੇ ਬਲਾਕ ਸਕੱਤਰ ਮਾਨ ਸਿੰਘ ਗੁਰਮ ਵੱਲੋਂ ਜਥੇਬੰਦੀ ਦਾ ਝੰਡਾ ਪਾ ਕੇ ਕਿਸਾਨ ਆਗੂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੀ ਲਪੇਟ ’ਚ ਆਏ ਕਿਸਾਨ ਆਗੂ ਬਾਵਾ ਸਿੰਘ ਦੀਵਾਨਾ ਨੂੰ ਬਚਾਉਣ ਲਈ ਜਥੇਬੰਦੀ ਤੇ ਪਰਿਵਾਰ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਪਰ ਮਾੜੇ ਸਿਹਤ ਪ੍ਰਬੰਧਾਂ ਕਾਰਨ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਕਿਹਾ ਕਿ ਆਏ ਦਿਨ ਕਰੋਨਾ ਕਾਰਨ ਸੈਂਕੜੇ ਲੋਕ ਮੌਤ ਦੇ ਮੂੰਹ ਜਾ ਰਹੇ ਹਨ। ਹਸਪਤਾਲਾਂ ਅੰਦਰ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਦੀ ਲੁੱਟ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਸਪਤਾਲਾਂ ਵਿੱਚ ਕਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਪੁੱਖਤਾ ਪ੍ਰਬ਼ੰਧ ਕੀਤੇ। ਜਾਣ ਤਾਂ ਕਿ ਉਨ੍ਹਾਂ ਦਾ ਸਮੇਂ ਸਿਰ ਇਲਾਜ ਹੋ ਸਕੇ।