ਤਹਿਸੀਲਦਾਰ ਨੇ ਸ਼ਹੀਦ ਦੇ ਲੜਕੇ ਨੂੰ ਸੌਂਪਿਆ ਪੱਤਰ
ਪੱਤਰ ਪ੍ਰੇਰਕ
ਮਮਦੋਟ, 18 ਸਤੰਬਰ
ਦਿੱਲੀ ਮੋਰਚੇ ਦੇ ਸ਼ਹੀਦ ਕਿਸਾਨ ਜਰਨੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਤਹਿਸੀਲਦਾਰ ਵਿਕਰਮ ਗੂੰਬਰ ਵੱਲੋਂ ਅੱਜ ਪੰਜ ਲੱਖ ਰੁਪਏ ਮੁਆਵਜ਼ੇ ਸਬੰਧੀ ਪੱਤਰ ਜ਼ੋਨ ਪ੍ਰਧਾਨ ਧਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਸ਼ਹੀਦ ਦੇ ਲੜਕੇ ਸਿਮਰਜੀਤ ਸਿੰਘ ਨੂੰ ਸੌਂਪਿਆ ਗਿਆ। ਯੂਨੀਅਨ ਆਗੂਆਂ ਨੇ ਇਸ ਨੂੰ ਜਥੇਬੰਦੀ ਦੀ ਜਿੱਤ ਕਰਾਰ ਦਿੱਤਾ। ਇਸ ਮੌਕੇ ਮੇਜਰ ਸਿੰਘ ਫੁੰਮਣ ਸਿੰਘ ਮੰਗਲ ਸਿੰਘ ਗੁਰਮੇਜ ਸਿੰਘ, ਸੁਖਬੀਰ ਸਿੰਘ ਅੰਗਰੇਜ਼ ਸਿੰਘ ਮਹਿਦਰ ਸਿੰਘ ਭਗਵਾਨ ਸਿੰਘ ਅਤੇ ਕਰੇਨ ਸ਼ਰਮਾ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਦਿੱਲੀ ਮੋਰਚੇ ਵਿਚ ਸ਼ਹੀਦ ਹੋਏ ਤਿੰਨ ਕਿਸਾਨਾਂ ਦੇ ਪਰਿਵਾਰਾਂ ਵਾਸਤੇ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਤਿੰਨ ਦਿਨ ਜਾਮ ਕੀਤਾ ਗਿਆ ਸੀ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਧਰਨੇ ਵਿੱਚ ਪਹੁੰਚ ਕੇ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਦੇਣ ਦੀ ਮੰਗ ਮੰਨ ਲਈ ਸੀ ਜਿਸ ਤਹਿਤ ਅੱਜ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਸਬੰਧੀ ਪੱਤਰ ਦਿੱਤਾ ਗਿਆ।
ਕਿਸਾਨ ਦੇ ਲੜਕੇ ਨੂੰ ਪੱਤਰ ਸੌਂਪਦੇ ਹੋਏ ਤਹਿਸੀਲਦਾਰ ਵਿਕਰਮ ਗੂੰਬਰ। -ਫੋਟੋ: ਥਿੰਦ