ਪੱਤਰ ਪ੍ਰੇਰਕ
ਮਾਨਸਾ, 17 ਸਤੰਬਰ
ਮਾਨਸਾ ਦੇ ਐਡੀਸ਼ੀਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸੁਮਿਤ ਭੱਲਾ ਨੇ ਦੋ ਲੱਖ ਰੁਪਏ ਦੇ ਚੈੱਕ ਬਾਊਂਸ ਕੇਸ ਵਿੱਚ ਕਿਸਾਨ ਗੁਰਪ੍ਰੀਤ ਸਿੰਘ ਵਾਸੀ ਪਿੰਡ ਬੁਰਜ ਝੱਬਰ ਨੂੰ ਬਰੀ ਕਰ ਦਿੱਤਾ ਹੈ।
ਇਸ ਕੇਸ ਵਿੱਚ ਮਾਨਸਾ ਦੇ ਆੜ੍ਹਤੀਏ ਵੱਲੋਂ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਾਇਰ ਕੀਤਾ ਸੀ ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਗੁਰਪ੍ਰੀਤ ਸਿੰਘ ਨਾਲ ਉਸ ਦੇ ਦੋਸਤਾਨਾ ਸਬੰਧ ਸਨ ਅਤੇ ਉਹ ਉਸ ਤੋਂ ਰਕਮ ਹੱਥ ਉਧਾਰ ਲੈਂਦਾ ਰਹਿੰਦਾ ਸੀ। ਫਰਵਰੀ 2018 ਵਿੱਚ ਗੁਰਪ੍ਰੀਤ ਨੇ ਉਸ ਤੋਂ ਦੋ ਲੱਖ ਰੁਪਏ ਉਧਾਰ ਲਏ ਸਨ। ਆੜ੍ਹਤੀਏ ਕਾਲੂ ਰਾਮ ਅਨੁਸਾਰ ਜਦੋਂ ਉਸ ਨੇ ਆਪਣੀ ਉਧਾਰ ਦਿੱਤੀ ਰਕਮ ਵਾਪਸ ਕਰਨ ਦੀ ਮੰਗ ਕੀਤੀ ਤਾਂ ਗੁਰਪ੍ਰੀਤ ਸਿੰਘ ਵੱਲੋਂ ਉਸ ਨੂੰ ਦੋ ਲੱਖ ਰੁਪਏ ਦਾ ਚੈੱਕ ਭਰ ਕੇ ਦਿੱਤਾ ਗਿਆ। ਬੈਂਕ ਵੱਲੋਂ ਚੈੱਕ ਨੂੰ ਬਿਨਾਂ ਕੈਸ਼ ਹੋਏ ਖਾਤਾ ਬੰਦ ਕਹਿ ਕੇ ਵਾਪਸ ਕਰ ਦਿੱਤਾ ਜਿਸ ਤੋਂ ਬਾਅਦ ਆੜ੍ਹਤੀਏ ਨੇ ਕਿਸਾਨ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਾਇਰ ਕੀਤਾ ਸੀ।
ਸੰਮਨ ਜਾਰੀ ਹੋਣ ਤੋਂ ਬਾਅਦ ਕਿਸਾਨ ਗੁਰਪ੍ਰੀਤ ਸਿੰਘ ਵੱਲੋਂ ਐਡਵੋਕੇਟ ਬਲਵੀਰ ਕੌਰ ਸਿੱਧੂ ਰਾਹੀਂ ਕੋਰਟ ਵਿੱਚ ਕੇਸ ਦੀ ਪੈਰਵੀਂ ਕੀਤੀ ਗਈ। ਕੋਰਟ ਵਿੱਚ ਗਵਾਹੀਆਂ ਭੁਗਤੀਆਂ ਗਈਆਂ ਅਤੇ ਦੋਹਾਂ ਧਿਰਾਂ ਵਿੱਚ ਬਹਿਸ ਵੀ ਹੋਈ। ਬਚਾਅ ਪੱਖ ਦੀ ਵਕੀਲ ਐਡਵੋਕੇਟ ਬਲਵੀਰ ਕੌਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏਅਦਾਲਤ ਵੱਲੋਂ ਕਿਸਾਨ ਗੁਰਪ੍ਰੀਤ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।