ਇਕਬਾਲ ਸਿੰਘ ਸ਼ਾਂਤ
ਲੰਬੀ, 7 ਮਾਰਚ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕਾਰਕੁਨਾਂ ਨੇ ਆਪਣੀਆਂ ਮੰਗਾਂ ਲਾਗੂ ਕਰਵਾਉਣ ਲਈ ਸਬ ਤਹਿਸੀਲ ਦਫ਼ਤਰ ਲੰਬੀ ਅੱਗੇ ਧਰਨਾ ਲਾਇਆ। ਧਰਨੇ ਦੇ ਤਿੱਖੇਪਨ ਸਦਕਾ ਬੀਡੀਪੀਓ ਦਫ਼ਤਰ ਦੇ ਅਮਲੇ ਨੇ ਯੂਨੀਅਨ ਨੂੰ ਮਨਰੇਗਾ ਸਬੰਧੀ 11 ਮਾਰਚ ਨੂੰ ਬੀਡੀਪੀਓ ਦਫ਼ਤਰ ਲੰਬੀ ਨਾਲ ਮੀਟਿੰਗ ਅਤੇ 16 ਮਾਰਚ ਨੂੰ ਨਰਮੇ ਚੁਗਾਈ ਦੇ ਮੁਆਵਜ਼ੇ ਸਮੇਤ ਰਹਿੰਦੀਆਂ ਮੰਗਾਂ ਅਤੇ ਯੂਨੀਅਨ ਆਗੂਆਂ ਨਾਲ ਮੀਟਿੰਗ ਦਾ ਭਰੋਸਾ ਦਿੱਤਾ। ਧਰਨੇ ਵਿੱਚ ਸ਼ਾਮਲ ਮਜ਼ਦੂਰ ਮਰਦ-ਔਰਤਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਾਉਂਕੇ, ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਅਤੇ ਜ਼ਿਲ੍ਹਾ ਆਗੂ ਕਾਲਾ ਸਿੰਘ ਖੁੰਨਣ ਖੁਰਦ ਨੇ ਕਿਹਾ ਕਿ ਗੁਲਾਬੀ ਸੁੰਡੀ ਖ਼ਰਾਬੇ ਦੀ ਰਕਮ ਦਾ ਦਸ ਫੀਸਦੀ ਨਰਮਾ ਚੁਗਣ ਵਾਲੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਦੇਣ ਬਾਰੇ ਸਰਕਾਰ ਨੇ ਫੈਸਲਾ ਕੀਤਾ ਸੀ, ਇਹ ਰਾਹਤ ਰਾਸ਼ੀ ਅਜੇ ਤੱਕ ਨਹੀਂ ਮਿਲੀ। ਪੁੱਟੇ ਹੋਏ ਮੀਟਰ ਵਾਪਸ ਲੈਣ ਦੀ ਮੰਗ ਨੂੰ ਅਮਲੀ ਤੌਰ ‘ਤੇ ਲਾਗੂ ਨਹੀਂ ਕੀਤਾ ਜਾ ਰਿਹਾ।
ਕਾਲਾ ਸਿੰਘ ਸਿੰਘੇਵਾਲਾ, ਮੱਖਣ ਸਿੰਘ, ਰਾਮਪਾਲ ਗੱਗੜ ਅਤੇ ਤਾਰਾਵੰਤੀ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਦੇ ਮੁਲਾਜ਼ਮ ਨਰਮਾ ਚੁਗਣ ਵਾਲੇ ਮਜ਼ਦੂਰਾਂ ਦੀ ਚੋਣ ਪਿੰਡਾਂ ਵਿੱਚ ਜਨਤਕ ਇਕੱਠ ਬੁਲਾ ਕੇ ਕਰਨ। ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਗੁਰਪਾਸ਼ ਸਿੰਘ ਸਿੰਘੇਵਾਲਾ ਨੇ ਸਾਂਝੀ ਸੰਘਰਸ਼ ਲਹਿਰ ਉਸਾਰਨ ਦਾ ਸੱਦਾ ਦਿੱਤਾ। ਇਸ ਮੌਕੇ ਸੁਖਪਾਲ ਕੌਰ ਸਿੰਘੇ ਵਾਲਾ, ਜਗਸੀਰ ਸਿੰਘ ਖਿਓਵਾਲੀ, ਜਸਵੀਰ ਸਿੰਘ ਮਹਿਣਾ ਅਤੇ ਰਜਨੀ ਵੀ ਸ਼ਾਮਲ ਸਨ।