ਜਸਵੰਤ ਜੱਸ
ਫ਼ਰੀਦਕੋਟ, 2 ਫ਼ਰਵਰੀ
ਇਸ ਵਾਰ ਫ਼ਰੀਦਕੋਟ ਵਿਧਾਨ ਸਭਾ ਹਲਕੇ ਦਾ ਚੋਣ ਮੁਕਾਬਲਾ ਬੇਹੱਦ ਦਿਲਚਸਪ ਹੋਣ ਦੀ ਸੰਭਾਵਨਾ ਹੈ। ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਾਸਕਟਬਾਲ ਦੇ ਕੌਮੀ ਖਿਡਾਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਬਾਸਕਟਬਾਲ ਲਈ ਕੌਮਾਂਤਰੀ ਪੱਧਰ ਤੱਕ ਖੇਡ ਚੁੱਕਾ ਹੈ। ਫ਼ਰੀਦਕੋਟ ਤੋਂ ਚੋਣ ਲੜਨ ਲਈ ਗੁਰਦਿੱਤ ਸਿੰਘ ਸੇਖੋਂ ਅਮਰੀਕਾ ਵਰਗੇ ਦੇਸ਼ ਨੂੰ ਛੱਡ ਕੇ ਵਾਪਸ ਫਰੀਦਕੋਟ ਆ ਗਏ ਹਨ। ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਘੋੜ ਸਵਾਰੀ ਲਈ ਦੇਸ਼ ਭਰ ਵਿੱਚ ਮਸ਼ਹੂਰ ਹਨ ਅਤੇ ਉਸ ਨੇ ਘੋੜ ਸਵਾਰੀ ਦੇ ਨਾਲ-ਨਾਲ ਮਹਿੰਗੇ ਘੋੜੇ ਅਤੇ ਹੋਰ ਜਾਨਵਰ ਵੀ ਪਾਲੇ ਹੋਏ ਹਨ। ਚੰਡੀਗੜ੍ਹ ਤੋਂ ਬੀਏ ਤੱਕ ਦੀ ਪੜ੍ਹਾਈ ਹਾਸਲ ਕਰਨ ਵਾਲੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਹਰ ਸਾਲ ਫਰੀਦਕੋਟ ਘੋੜਿਆਂ ਦੇ ਮੁਕਾਬਲੇ ਕਰਵਾ ਕੇ ਇਸ ਖੇਡ ਨਾਲ ਆਮ ਲੋਕਾਂ ਨੂੰ ਵੀ ਜੋੜਿਆ ਹੈ। ਕਿੱਕੀ ਢਿੱਲੋਂ ਨੂੰ ਸਿਆਸਤ ਵਿਰਾਸਤ ਵਿੱਚ ਮਿਲੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਜਸਮੱਤ ਸਿੰਘ ਢਿੱਲੋਂ ਅਤੇ ਮਾਂ ਜਗਦੀਸ਼ ਕੌਰ ਢਿੱਲੋਂ ਵੀ ਵਿਧਾਇਕ ਰਹਿ ਚੁੱਕੇ ਹਨ। ਕਿੱਕੀ ਢਿੱਲੋਂ ਨੂੰ ਸਭ ਤੋਂ ਛੋਟੀ ਉਮਰ ਵਿੱਚ ਵਿਧਾਇਕ ਬਣਨ ਦਾ ਮਾਣ ਹਾਸਲ ਹੈ। ਪਰਮਬੰਸ ਸਿੰਘ ਬੰਟੀ ਰੋਮਾਣਾ ਫਰੀਦਕੋਟ ਤੋਂ ਅਕਾਲੀ ਦਲ-ਬਸਪਾ ਦੇ ਉਮੀਦਵਾਰ ਹਨ ਅਤੇ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਹਾਕੀ ਦੇ ਫੁੱਲਬੈਕ ਖਿਡਾਰੀ ਸਨ ਪਰ ਪਿਛਲੇ ਵੀਹ ਸਾਲ ਤੋਂ ਉਹ ਸਿਆਸਤ ਵਿੱਚ ਹਨ ਅਤੇ ਮੌਜੂਦਾ ਚੋਣ ਬੰਟੀ ਰੋਮਾਣਾ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ, ਕਿਉਂਕਿ ਉਹ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਹਨ ਅਤੇ ਲਗਾਤਾਰ ਦੂਜੀ ਵਾਰ ਚੋਣ ਮੁਕਾਬਲੇ ਵਿੱਚ ਹਨ। ਫ਼ਰੀਦਕੋਟ ਦੇ ਤਿੰਨੇ ਪ੍ਰਮੁੱਖ ਉਮੀਦਵਾਰ ਹਮ-ਉਮਰ ਅਤੇ ਪੜ੍ਹੇ-ਲਿਖੇ ਹਨ।