ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 27 ਅਪਰੈਲ
ਧਰਮਕੋਟ ਵਿਧਾਨ ਸਭਾ ਹਲਕਾ, ਫਰੀਦਕੋਟ ਸੀਟ ਦਾ ਮੁੱਖ ਕੇਂਦਰ ਬਿੰਦੂ ਬਣਿਆ ਹੋਇਆ ਹੈ। ਸੂਬੇ ਦੀਆਂ ਤਿੰਨ ਪ੍ਰਮੁੱਖ ਸਿਆਸੀ ਪਾਰਟੀਆਂ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਇਸ ਹਲਕੇ ਤੋਂ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਚੁੱਕੇ ਐਡਵੋਕੇਟ ਸ਼ੀਤਲ ਸਿੰਘ, ਕਾਕਾ ਸੁਖਜੀਤ ਸਿੰਘ ਲੋਹਗੜ੍ਹ ਅਤੇ ‘ਆਪ’ ਦੇ ਮੌਜੂਦਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਇਸ ਲੋਕ ਸਭਾ ਸੀਟ ਨੂੰ ਆਪਣੇ ਵੱਕਾਰ ਮੰਨ ਕੇ ਚੋਣ ਪ੍ਰਚਾਰ ਵਿੱਚ ਜੁੱਟੇ ਹੋਏ ਹਨ। ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਐਡਵੋਕੇਟ ਸ਼ੀਤਲ ਸਿੰਘ ਦੇ ਫਰਜ਼ੰਦ ਹਨ। ਇਸ ਲਈ ਉਹ ਆਪਣੇ ਪੁੱਤਰ ਨੂੰ ਜੇਤੂ ਬਣਾਉਣ ਲਈ ਧਰਮਕੋਟ ਵਿੱਚ ਸਖ਼ਤ ਮਿਹਨਤ ਕਰ ਰਹੇ ਹਨ। ਇਸੇ ਤਰ੍ਹਾਂ ਕਾਂਗਰਸ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਬੇਸ਼ੱਕ ਹਲਕਾ ਨਿਹਾਲ ਸਿੰਘ ਵਾਲਾ ਨਾਲ ਸਬੰਧਤ ਹਨ ਲੇਕਿਨ ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਦੇ ਉਹ ਕਾਫੀ ਨਜ਼ਦੀਕੀ ਮੰਨੇ ਜਾਂਦੇ ਹਨ। ਕਾਕਾ ਲੋਹਗੜ੍ਹ ਹੀ ਸਾਹੋਕੇ ਜੋੜੀ ਨੂੰ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਤੋਂ ਕਾਂਗਰਸ ਪਾਰਟੀ ਵਿੱਚ ਲੈ ਕੇ ਆਏ ਸਨ। ਬਤੌਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਲੋਹਗੜ੍ਹ ਨੇ ਬੀਬੀ ਸਾਹੋਕੇ ਨੂੰ ਟਿਕਟ ਦਿਵਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਇਸੇ ਤਰ੍ਹਾਂ ਹੀ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੀ ਜ਼ਿਲ੍ਹਾ ਮੋਗਾ ਵਿੱਚ ਕਮਾਨ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਹੱਥਾਂ ਵਿੱਚ ਹੈ। ਫਰੀਦਕੋਟ ਲੋਕ ਸਭਾ ਹਲਕੇ ਵਿੱਚ 3 ਜ਼ਿਲ੍ਹਿਆਂ ਮੋਗਾ ਫਰੀਦਕੋਟ ਅਤੇ ਬਠਿੰਡਾ ਦੇ 9 ਵਿਧਾਨ ਸਭਾ ਹਲਕੇ ਆਉਂਦੇ ਹਨ।
ਹੁਣ ਤੱਕ ਫਰੀਦਕੋਟ ਸੀਟ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਛੇ ਉਮੀਦਵਾਰਾਂ ਨੂੰ ਚੋਣ ਮੁਕਾਬਲੇ ਵਿੱਚ ਉਤਾਰਿਆ ਗਿਆ ਹੈ। ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਉਮੀਦਵਾਰ ਬਲਦੇਵ ਸਿੰਘ ਗਗੜਾ ਹਲਕਾ ਧਰਮਕੋਟ ਦੇ ਗਗੜਾ ਪਿੰਡ ਦੇ ਰਹਿਣ ਵਾਲੇ ਹਨ। ਧਰਮਕੋਟ ਫਰੀਦਕੋਟ ਸੀਟ ਦਾ ਇੱਕ ਤਰ੍ਹਾਂ ਨਾਲ ਸਿਆਸੀ ਧੁਰਾ ਮੰਨਿਆ ਜਾ ਰਿਹਾ ਹੈ। ਹਲਕੇ ਦੇ ਲੋਕਾਂ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਜੋਸ਼ ਹੈ। ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਸਮਰਥਕਾਂ ਵੱਲੋਂ ਪੇਂਡੂ ਸੱਥਾਂ ਵਿੱਚ ਮੋਰਚੇ ਸਾਂਭੇ ਹੋਏ ਹਨ। ਤਿੰਨੇ ਵਿਧਾਇਕ ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਇਸ ਚੋਣ ਨੂੰ ਜੋੜ ਕੇ ਦੇਖ ਰਹੇ ਹਨ।