ਜਸਵੰਤ ਜੱਸ
ਫ਼ਰੀਦਕੋਟ, 3 ਦਸੰਬਰ
ਦੀਵਾਲੀ ਤੋਂ ਦੋ ਦਿਨ ਪਹਿਲਾਂ ਫ਼ਰੀਦਕੋਟ ਸ਼ਹਿਰ ਦੇ ਇੱਕ ਦੁਕਾਨਦਾਰ ਤੋਂ ਫੜੇ ਗਏ ਦੀਵਾਲੀ ਦੇ ਪਟਾਖਿਆਂ ਦੀ ਬਰਾਮਦਗੀ ਨੂੰ ਸਨਸਨੀਖੇਜ਼ ਦਿਖਾਉਂਦਿਆਂ ਦੁਕਾਨਦਾਰ ਉੱਪਰ ਗੋਲਾ ਬਾਰੂਦ ਵਿਸਫੋਟਕ ਪਦਾਰਥ ਰੱਖਣ ਦਾ ਪਰਚਾ ਦਰਜ ਕਰ ਕੇ ਪੁਲੀਸ ਕਸੂਤੀ ਸਥਿੱਤੀ ਵਿੱਚ ਫਸ ਗਈ ਹੈ। ਇਸ ਮਾਮਲੇ ਵਿੱਚ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗ੍ਰਿਫ਼ਤਾਰ ਕੀਤੇ ਗਏ ਦੁਕਾਨਦਾਰ ਗੋਪਾਲ ਕ੍ਰਿਸ਼ਨ ਨੂੰ ਤੁਰੰਤ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਇਸੇ ਦਰਮਿਆਨ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਹਰਵਿੰਦਰ ਸਿੰਘ ਸਿੰਧੀਆ ਨੇ ਇਸ ਮਾਮਲੇ ਵਿੱਚ ਸਿਟੀ ਪੁਲੀਸ ਫਰੀਦਕੋਟ ਦੀ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਗੋਪਾਲ ਕ੍ਰਿਸ਼ਨ ਦੇ ਵਕੀਲ ਵਿਨੋਦ ਮੌਂਗਾ ਨੇ ਅਦਾਲਤ ਨੂੰ ਦੱਸਿਆ ਕਿ ਗੋਪਾਲ ਕ੍ਰਿਸ਼ਨ ਨੇ ਦੀਵਾਲੀ ਦੇ ਤਿਉਹਾਰ ਮੌਕੇ ਜ਼ਿਲ੍ਹਾ ਮੈਜਿਸਟਰੇਟ ਤੋਂ ਬਕਾਇਦਾ ਪਟਾਖੇ ਵੇਚਣ ਦਾ ਲਾਇਸੈਂਸ ਲਿਆ ਸੀ।ਦੂਜੇ ਪਾਸੇ ਥਾਣਾ ਸਿਟੀ ਫਰੀਦਕੋਟ ਦੇ ਐੱਸ.ਐੱਚ.ਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਇਸ ਮਾਮਲੇ ਦੀ ਨਿਰਪੱਖ ਪੜਤਾਲ ਕਰ ਰਹੀ ਹੈ ਅਤੇ ਕਿਸੇ ਨਾਲ ਕੋਈ ਵਿਤਕਰੇ ਵਾਲੀ ਕਾਰਵਾਈ ਨਹੀਂ ਹੋਵੇਗੀ।