ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 20 ਫਰਵਰੀ
ਮੁਕਤਸਰ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕੇ ਮੁਕਤਸਰ, ਮਲੋਟ, ਲੰਬੀ ਤੇ ਗਿੱਦੜਬਾਹਾ ਦੇ 6,92,065 ਵੋਟਰਾਂ ਲਈ ਬਣਾਏ ਗਏ 752 ਬੂਥਾਂ ਉਪਰ ਅੱਜ ਵੱਡੀ ਗਿਣਤੀ ਵੋਟਰਾਂ ਨੇ ਆਪਣੀਆਂ ਵੋਟਾਂ ਦਾ ਭੁਗਤਾਨ ਕਰਨ ਵਿੱਚ ਉਤਸ਼ਾਹ ਵਿਖਾਇਆ| ਚੋਣ ਕਮਿਸ਼ਨ ਵੱਲੋਂ ਕੀਤੇ ਪ੍ਰਬੰਧਾਂ ਨਾਲ ਵੋਟਰਾਂ ਨੂੰ ਇਸ ਵਾਰ ਡਾਢਾ ਸਨਮਾਨ ਮਹਿਸੂਸ ਹੋਇਆ| ਬੂਥਾਂ ਨੂੰ ਵੀ ਸ਼ਮਿਆਨਾ ਤੇ ਸਵਾਗਤੀ ਗੇਟਾਂ ਨਾਲ ਸਜਾਇਆ ਗਿਆ ਸੀ| ਵੋਟਰਾਂ ਦੀ ਸਹਾਇਤਾ ਲਈ ਚੋਣ ਮਿੱਤਰ ਸਨ| ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਫੁੱਲ ਤੇ ਸਰਟੀਫਿਕੇਟ ਦਿੱਤੇ ਗਏ| ਹਰ ਹਲਕੇ ਵਿੱਚ 5 ਪਿੰਕ ਬੂਥ ਬਣਾਏ ਗਏ ਸਨ, ਜਿਥੇ ਵੋਟਾਂ ਭੁਗਤਾਉਣ ਦਾ ਕੰਮ ਇਸਤਰੀ ਕਰਮਚਾਰੀਆਂ ਦੇ ਜ਼ਿੰਮੇ ਸੀ| ਇਸੇ ਤਰ੍ਹਾਂ ਇੱਕ-ਇੱਕ ਬੂਥ ਅੰਗਹੀਣ ਵੋਟਰਾਂ ਲਈ ਵੀ ਬਣਾਇਆ ਗਿਆ ਸੀ| ਵੋਟਾਂ ਦੌਰਾਨ ਮੁਕਤਸਰ ਦੇ ਬੱਸ ਅੱਡੇ ’ਚ ਬਣੇ ਬੂਥਾਂ ਉਪਰ ਕੁਝ ਬਾਹਰੀ ਵਿਅਕਤੀਆਂ ਦੇ ਦਾਖਲਾ ਹੋਣ ’ਤੇ ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਸੂਦਨ ਵੱਲੋਂ ਤੁਰੰਤ ਮੌਕੇ ’ਤੇ ਪਹੁੰਚ ਕੇ ਮਸਲਾ ਹੱਲ ਕੀਤਾ ਗਿਆ| ਇਸ ਦੌਰਾਨ ਵੋਟਰਾਂ ਨੇ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ’ਤੇ ਵੀ ਸੰਤੁਸ਼ਟੀ ਜਤਾਈ|
ਸਮਾਲਸਰ (ਪੱਤਰ ਪ੍ਰੇਰਕ): ਅੱਜ ਬਾਘਾਪੁਰਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਚ ਜਦ ਵੋਟਰ ਵੋਟ ਪਾਉਣ ਆਏ ਤਾਂ ਪੋਲਿੰਗ ਬੂਥ ਵਿਆਹ ਵਾਂਗ ਸਜਾਏ ਵੇਖ ਝੂਮ ਉੱਠੇ। ਵੋਟਰਾਂ ਲਈ ਇਹ ਦ੍ਰਿਸ਼ ਕਿਸੇ ਵਿਆਹ ਦਾ ਭੁਲੇਖਾ ਪਾਉਂਦਾ ਸੀ। ਵੋਟਰਾਂ ਨੇ ਦੱਸਿਆ ਕਿ ਰੰਗ-ਬਰੰਗੇ ਗੁਬਾਰਿਆਂ ਅਤੇ ਫੁੱਲਾਂ ਨੇ ਬੂਥਾਂ ਨੂੰ ਬੜੀ ਸੋਹਣੀ ਰੰਗਤ ਦਿੱਤੀ ਹੋਈ ਸੀ। ਸਵਾਗਤੀ ਗੇਟ ਉਪਰ ਜੀ ਆਇਆ ਲਿਖਿਆ ਹੋਇਆ ਸੀ। ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਫੁੱਲਾਂ ਸਮੇਤ ਸ਼ਲਾਘਾ ਪੱਤਰ ਦਿੱਤੇ ਗਏ।