ਪੱਤਰ ਪ੍ਰੇਰਕ
ਭਗਤਾ ਭਾਈ, 4 ਅਪਰੈਲ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਇਤਿਹਾਸਕ ਜਿੱਤ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਇਲਾਕੇ ਦੇ ਪਾਰਟੀ ਵਰਕਰਾਂ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਜ਼ਫ਼ਰਨਾਮਾ ਸਹਬਿ ਦਿਆਲਪੁਰਾ ਭਾਈਕਾ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਹਲਕਾ ਰਾਮਪੁਰਾ ਫੂਲ ਤੋਂ ‘ਆਪ’ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਹਾਜ਼ਰੀ ਲਗਵਾਈ। ਹਜ਼ੂਰੀ ਰਾਗੀ ਭਾਈ ਪ੍ਰਭਦਿਆਲ ਸਿੰਘ ਨੇ ਕੀਰਤਨ ਕੀਤਾ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਭੇਦਭਾਵ ਦੇ ਹਲਕੇ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹਰ ਜ਼ਿਲ੍ਹੇ ਵਿੱਚ ਕਮੇਟੀਆਂ ਬਣਾ ਕੇ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਰਾਜ ਸਮੇਂ ਦਰਜ ਕੀਤੇ ਗਏ ਝੂਠੇ ਪਰਚੇ ਰੱਦ ਕੀਤੇ ਜਾਣਗੇ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਲਾਭ ਸਿੰਘ ਨੇ ਵਿਧਾਇਕ ਸਿੱਧੂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਇਤਿਹਾਸਕ ਪਿੰਡ ਦਿਆਲਪੁਰਾ ਭਾਈਕਾ ਦੀਆਂ ਮੁਢਲੀਆਂ ਲੋੜਾਂ ਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬਾਬਾ ਭੋਲਾ ਸਿੰਘ, ਭਾਈ ਮਾਨ ਸਿੰਘ ਲਿਖਾਰੀ ਬੁੱਢਾ ਦਲ, ਰਜਿੰਦਰ ਰਿੰਕੂ, ਬੂਟਾ ਸਿੰਘ ਜਲਾਲ, ਨਰਿੰਦਰਪਾਲ ਸਿੰਘ ਨਵਾਂ ਪਿੰਡ, ਲਖਵੀਰ ਕਾਲਾ, ਕੈਪਟਨ ਦੀਪਇੰਦਰ ਸਿੰਘ, ਗਿ. ਹਰਮੇਲ ਸਿੰਘ, ਬਹਾਦਰ ਸਿੰਘ ਜਲਾਲ, ਮਾ. ਜਰਨੈਲ ਸਿੰਘ, ਡਾ. ਕੇਵਲ ਭਗਤਾ ਆਦਿ ਹਾਜ਼ਰ ਸਨ।