ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 4 ਮਈ
ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪਿੰਡ ਜਲਾਲ ਵਿੱਚ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੀ ਹਲਕਾ ਪੱਧਰੀ ਮੀਟਿੰਗ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਿਆਸੀ ਰੰਜ਼ਿਸ਼ ਤਹਿਤ ਦਰਜ ਕਰਵਾਏ ਝੂਠੇ ਪਰਚੇ ਰੱਦ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਦੌਰਾਨ ਇਹ ਸਹਿਮਤੀ ਬਣੀ ਕਿ ਕਾਂਗਰਸ ਸਰਕਾਰ ਵੇਲੇ ਸਿਆਸੀ ਰੰਜ਼ਿਸ਼ ਤਹਿਤ ਦਰਜ ਕਰਵਾਏ ਪਰਚੇ ਰਾਜਨੀਤੀ ਤੋਂ ਉੱਪਰ ਉੱਠ ਕੇ ਰੱਦ ਕਰਵਾਏ ਜਾਣ ਭਾਵੇਂ ਕਿ ਪੀੜਤ ਵਿਅਕਤੀ ਕਿਸੇ ਵੀ ਪਾਰਟੀ ਦਾ ਆਗੂ ਜਾਂ ਵਰਕਰ ਹੋਵੇ। ਉਨ੍ਹਾਂ ਦੋਸ਼ ਲਗਾਇਆ ਕਿ ਹਲਕਾ ਰਾਮਪੁਰਾ ਫੂਲ ਦੀ ਬਦਕਿਸਮਤੀ ਰਹੀ ਕਿ ਪਿਛਲੇ ਸਮੇਂ ਦੌਰਾਨ ਹਲਕੇ ਦੇ ਸਾਬਕਾ ਮੰਤਰੀਆਂ ਨੇ ਹਲਕੇ ਦਾ ਵਿਕਾਸ ਕਰਵਾਉਣ ਦੀ ਬਜਾਇ ਮਾੜੀ ਰਾਜਨੀਤੀ ਕਰਦਿਆਂ ਆਪਣੇ ਵਿਰੋਧੀਆਂ ’ਤੇ ਝੂਠੇ ਪਰਚੇ ਕਰਵਾਏ। ਪਿੰਡਾਂ ਦੇ ਲੋਕਾਂ ਵਿੱਚ ਧੜੇਬੰਦੀਆਂ ਪੈਦਾ ਕਰ ਕੇ ਭਰਾ ਨੂੰ ਭਰਾ ਨਾਲ ਲੜਾਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸੇ ਨਾਲ ਸਿਆਸੀ ਰੰਜ਼ਿਸ਼ ਜਾਂ ਵਿਕਤਰਾ ਨਹੀਂ ਰੱਖਿਆ ਜਾਵੇਗਾ।
ਸ੍ਰੀ ਸਿੱਧੂ ਨੇ ਪਾਰਟੀ ਵਾਲੰਟੀਅਰਾਂ ਤੇ ਅਹੁਦੇਦਾਰਾਂ ਨੂੰ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਰਾਕੇਸ਼ ਪੁਰੀ ਇੰਚਾਰਜ ਲੋਕ ਸਭਾ ਹਲਕਾ, ਗੁਰਜੰਟ ਸਿਵੀਆ ਜ਼ਿਲ੍ਹਾ ਪ੍ਰਧਾਨ, ਨਛੱਤਰ ਸਿੰਘ ਸਿੱਧੂ, ਜਤਿੰਦਰ ਸਿੰਘ ਭੱਲਾ, ਬੂਟਾ ਜਲਾਲ ਤੇ ਬਹਾਦਰ ਬਰਾੜ ਆਦਿ ਹਾਜ਼ਰ ਸਨ।