ਪੱਤਰ ਪ੍ਰੇਰਕ
ਅਜੀਤਵਾਲ, 8 ਦਸੰਬਰ
ਇਤਿਹਾਸਕ ਪਿੰਡ ਢੁੱਡੀਕੇ ਦੇ ਗਦਰੀ ਬਾਬਿਆਂ ਦੀ ਯਾਦ ਵਿੱਚ ਕਰਵਾਇਆ 24ਵਾਂ ਮੇਲਾ ਦੇਸ਼ ਭਗਤ ਗਦਰੀ ਬਾਬੇ ਯਾਦਗਾਰ ਕਮੇਟੀ ਢੁੱਡੀਕੇ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ। ਸਭ ਤੋਂ ਪਹਿਲਾਂ ਕਿਸਾਨ ਆਗੂ ਮਾਸਟਰ ਸੁਖਦੇਵ ਸਿੰਘ ਕੋਕਰੀ ਕਲਾਂ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਗੁਰਸ਼ਰਨ ਸਿੰਘ ਢੁੱਡੀਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਢੁੱਡੀਕੇ ਦੇ ਪ੍ਰਧਾਨ, ਮਾਸਟਰ ਗੁਰਚਰਨ ਸਿੰਘ ਪ੍ਰਧਾਨ ਗਦਰੀ ਬਾਬੇ ਕਮੇਟੀ ਤੇ ਸਮੂਹ ਕਮੇਟੀ ਮੈਂਬਰਾਂ ਨੇ ਗਦਰੀ ਬਾਬਿਆਂ ਦੇ ਬੁੱਤਾਂ ਤੇ ਫੁੱਲ ਭੇਟ ਕੀਤੇ ਅਤੇ ਗਦਰ ਲਹਿਰ ਦਾ ਝੰਡਾ ਲਹਿਰਾਇਆ । ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਵਲੋਂ ਕਵੀਸ਼ਰੀ ਪੇਸ਼ ਕੀਤੀ ਗਈ। ਨਾਟਕ ਕਲਾ ਕੇਂਦਰ ਚੜਿੱਕ ਵਲੋਂ ਤੀਰਥ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ ‘ਹੈਲੋ, ਮੈਂ ਦਿੱਲੀਓਂ ਦੁੱਲਾ ਬੋਲਦਾ’ ਪੇਸ਼ ਕੀਤਾ ਗਿਆ। ਮਾਸਟਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਇਸ ਕਿਸਾਨੀ ਸੰਘਰਸ਼ ਨੇ ਲੋਕਾਂ ਵਿੱਚ ਨਵੀਂ ਜਾਗ੍ਰਿਤੀ ਲਿਆਂਦੀ ਹੈ ਤੇ ਰਹਿੰਦੀਆਂ ਮੰਗਾ ਮੰਨਵਾ ਕੇ ਹੀ ਦਿੱਲੀ ਤੋਂ ਵਾਪਸੀ ਕੀਤੀ ਜਾਵੇਗੀ। ਇਸ ਮੌਕੇ ਐਡਵੋਕੇਟ ਜੋਬਨਜੀਤ ਸਿੰਘ ਬਲਾਕ ਆਗੂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਡਾਕਟਰ ਗੁਰਚਰਨ ਸਿੰਘ ਨੂਰਪੁਰ ਨੇ ਸੰਬੋਧਨ ਕੀਤਾ। ਮਾਸਟਰ ਹਰੀ ਸਿੰਘ ਢੁੱਡੀਕੇ ਨੇ ਹਾਲ ਕਮਰੇ ਦੇ ਲੈਂਟਰ ਲਈ 2.50 ਲੱਖ ਦੀ ਮਾਲੀ ਮਦਦ ਕੀਤੀ। ਸਟੇਜ ਦੀ ਕਾਰਵਾਈ ਕਮੇਟੀ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਕੀਤੀ।