ਪੱਤਰ ਪ੍ਰੇਰਕ
ਮਾਨਸਾ, 23 ਫਰਵਰੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਣਕ ਦੀ ਫ਼ਸਲ ਵਿੱਚ ਲੋੜ ਤੋਂ ਵੱਧ ਯੂਰੀਆ ਬਿਲਕੁਲ ਨਾ ਵਰਤਣ। ਮਹਿਕਮੇ ਨੇ ਚਿਤਾਵਨੀ ਦਿੱਤੀ ਹੈ ਕਿ ਅੱਜ-ਕੱਲ੍ਹ ਫ਼ਸਲ ਵਿਚ ਆਈ ਕਿਸੇ ਵੀ ਕਿਸਮ ਦੀ ਕੋਈ ਘਾਟ, ਸਿੱਧਾ ਫ਼ਸਲ ਦੇ ਉਤਪਾਦਨ ਉੱਤੇ ਅਸਰ ਪਾ ਸਕਦੀ ਹੈ। ਖੇਤੀ ਵਿਭਾਗ ਵਲੋਂ ਜ਼ਿਲ੍ਹਾ ਮੁੱਖ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕੁੱਝ ਖੇਤਾਂ ਵਿੱਚ ਨਾਈਟਰੋਜਨ, ਜ਼ਿੰਕ, ਮੈਗਨੀਜ਼, ਗੰਧਕ ਦੀ ਘਾਟ ਸਾਹਮਣੇ ਆਈ ਹੈ, ਜਿਸ ਨੂੰ ਪੂਰਾ ਕਰਨ ਲਈ ਕਿਸਾਨਾਂ ਨੂੰ ਫ਼ਸਲ ਉੱਤੇ ਉਸੇ ਤੱਤ ਦੀ ਸਪਰੇਅ ਕਰਨ ਲਈ ਕਿਹਾ ਗਿਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਦੱਸਿਆ ਕਿ ਜ਼ਿੰਕ ਦੀ ਘਾਟ ਹਲਕੀਆਂ ਜ਼ਮੀਨਾਂ ਵਿੱਚ ਲਗਾਤਾਰ ਫ਼ਸਲਾਂ ਬੀਜੀਆਂ ਜਾਣ ਕਾਰਨ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਉਣੀ ਦੀ ਫ਼ਸਲ ਵਿੱਚ ਜ਼ਿੰਕ ਦੀ ਘਾਟ ਕਾਰਨ ਪੱਤੇ ਵਿਚਕਾਰੋਂ ਪੀਲੇ ਪੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਘਾਟ ਨੂੰ ਪੂਰਾ ਕਰਨ ਲਈ ਇੱਕ ਏਕੜ ਲਈ ਇੱਕ ਕਿਲੋ ਜਿੰਕ ਸਲਫ਼ੇਟ ਅਤੇ ਅੱਧਾ ਕਿਲੋ ਅਣਬੁਝਿਆ ਚੂਨਾ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਗਨੀਜ਼ ਦੀ ਘਾਟ ਪੂਰੀ ਕਰਨ ਲਈ 0.5 ਫ਼ੀਸਦੀ ਮੈਗਨੀਜ਼ ਸਲਫ਼ੇਟ, ਇੱਕ ਕਿਲੋ ਨੂੰ 200 ਲਿਟਰ ਵਿੱਚ ਘੋਲ ਕੇ ਛਿੜਕਾਅ ਕਰਨ ਨਾਲ ਮਾਮਲਾ ਹੱਲ ਹੋ ਜਾਂਦਾ ਹੈ।