ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਮਾਰਚ
ਉੱਚੀ ਅਵਾਜ਼ ਚਲਦੇ ਡੀਜੇ ਸਪੀਕਰਾਂ ਨੇ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਤੇ ਆਮ ਲੋਕਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਵਿਆਹ ਸ਼ਾਦੀਆਂ ’ਚ ਅੱਧੀ ਅੱਧੀ ਰਾਤ ਤੱਕ ਉੱਚੀ ਆਵਾਜ਼ ਡੀਜੇ ਕੂਕਦੇ ਹਨ। ਇਥੇ ਮਾਲ ਵਿਭਾਗ ਦੇ ਦਰਜਾ ਚਾਰ ਕਾਮੇ ਨੂੰ ਆਪਣੇ ਵਿਭਾਗੀ ਅਧਿਕਾਰੀ ਦੇ ਘਰ ਉੱਚੀ ਆਵਾਜ਼ ’ਚ ਚਲਦੇ ਡੀਜੇ ਦਾ ਵਿਰੋਧ ਕਰਨਾ ਮਹਿੰਗਾ ਪੈ ਗਿਆ। ਅਧਿਕਾਰੀ ਦੀ ਰਿਪੋਰਟ ’ਤੇ ਡਿਪਟੀ ਕਮਿਸ਼ਨਰ ਨੇ ਦਰਜਾ ਚਾਰ ਕਾਮੇ ਨੂੰ ਮੁਅੱਤਲ ਕਰ ਦਿੱਤਾ ਹੈ।
ਇਥੇ ਡੀਸੀ ਦਫ਼ਤਰ ਵਿੱਚ ਤਾਇਨਾਤ ਦਰਜਾ ਚਾਰ ਕਾਮੇ ਧਰਮਿੰਦਰ ਸਿੰਘ ਜੋ ਜਥੇਬੰਦੀ ਦਾ ਮੀਤ ਪ੍ਰਧਾਨ ਹੈ, ਨੇ ਕਿਹਾ ਕਿ ਉਸਦੇ ਘਰ ਦੇ ਬਿੱਲਕੁੱਲ ਸਾਹਮਣੇ ਤਹਿਸੀਲਦਾਰ ਕਮ ਜ਼ਿਲ੍ਹਾ ਮਾਲ ਅਫ਼ਸਰ ਕਰਨ ਗੁਪਤਾ ਦੀ ਰਿਹਾਇਸ਼ ਹੈ। ਉਸਦੇ ਲੜਕੇ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ। ਉਨ੍ਹਾਂ ਅਧਿਕਾਰੀ ਦੇ ਘਰ ਨਿੱਜੀ ਪ੍ਰੋਗਰਾਮ ’ਚ ਉੱਚੀ ਆਵਾਜ਼ ’ਚ ਚੱਲ ਰਹੇ ਡੀਜੇ ਦੀ ਆਵਾਜ਼ ਘੱਟ ਕਰਵਾਉਣ ਲਈ ਉਨ੍ਹਾਂ ਦੇ ਕੁੱਕ ਤੇ ਡਰਾਈਵਰ ਨੂੰ ਆਖਿਆ ਸੀ। ਉਹ ਨਾ ਤਹਿਸੀਲਦਾਰ ਦੇ ਘਰ ਗਿਆ ਤੇ ਨਾ ਹੀ ਕਿਸੇ ਨਾਲ ਦੁਰਵਿਹਾਰ ਕੀਤਾ। ਉਸਨੂੰ ਝੂਠੇ ਦੋਸ਼ ਲਾ ਕੇ ਮੁਅੱਤਲ ਕਰਵਾ ਦਿੱਤਾ ਗਿਆ ਹੈ। ਉਹ ਦਰਜਾ ਚਾਰ ਕਾਮਿਆਂ ਦੀ ਜਥੇਬੰਦੀ ਦਾ ਜ਼ਿਲ੍ਹਾ ਮੀਤ ਪ੍ਰਧਾਨ ਹੈ। ਸ਼ੁੱਕਰਵਾਰ ਨੂੰ ਜ਼ਿਲ੍ਹੇ ਭਰ ’ਚ ਮਾਲ ਵਿਭਾਗ ਨਾਲ ਸਬੰਧਤ ਦਰਜਾ ਚਾਰ ਕਾਮੇ ਇਸ ਧੱਕੇਸ਼ਾਹੀ ਬਾਰੇ ਡੀਸੀ ਨੂੰ ਸਚਾਈ ਤੋਂ ਜਾਣੂੰ ਕਰਵਾਉਣਗੇ।
ਦੂਜੇ ਪਾਸੇ ਤਹਿਸੀਲਦਾਰ ਕਰਨ ਗੁਪਤਾ ਨੇ ਡੀਸੀ ਨੂੰ ਭੇਜੀ ਰਿਪੋਰਟ ਵਿੱਚ ਕਿਹਾ ਕਿ ਦਰਜਾ ਚਾਰ ਕਾਮਾ ਧਰਮਿੰਦਰ ਉਸਦੇ ਗੁਆਂਢ ਰਹਿੰਦਾਂ ਹੈ। ਉਸਦੇ ਘਰ ਪ੍ਰਾਈਵੇਟ ਫੰਕਸ਼ਨ ’ਚ ਨਾਇਬ ਤਹਿਸੀਲਦਾਰ ਮੁੱਲਾਂਪੁਰ ਸੁਖਚਰਨ ਸਿੰਘ ਚੰਨੀ ਤੇ ਕਾਰਜਕਾਰੀ ਇੰਜਨੀਅਰ, ਜਲ ਸਪਲਾਈ ਤੇ ਸੀਵਰੇਜ ਬੋਰਡ, ਕਾਰਤਿਕ ਜਿੰਦਲ ਤੇ ਹੋਰ ਸਟਾਫ਼ ਤੇ ਮਹਿਮਾਨਾਂ ਨੂੰ ਸ਼ਰਾਬ ਹਾਲਤ ’ਚ ਮੰਦੇ ਸ਼ਬਦ ਬੋਲੇ ਤੇ ਕਿਹਾ ਇਹ ਕੀ ਤਮਾਸ਼ਾ ਲਾ ਰੱਖਿਆ ਹੈ।
ਜ਼ਿਕਰਯੋਗ ਹੈ ਕਿ ਵਿਆਹਾ ਦਾ ਮੌਸਮ ਹੋਣ ਕਾਰਨ ਅੱਧੀ ਰਾਤ ਤੱਕ ਉੱਚੀ ਆਵਾਜ਼ ਡੀਜੇ ਕੂਕਦੇ ਹਨ ਤੇ ਸਵੇਰੇ 4 ਵਜੇ ਧਾਰਮਿਕ ਸਥਾਨਾਂ ਤੋਂ ਸਪੀਕਰਾਂ ਦੀਆਂ ਆਵਾਜ਼ਾਂ ਸ਼ੁਰੂ ਹੋ ਜਾਂਦੀਆਂ ਹਨ। ਉੱਚੀ ਆਵਾਜ਼ ’ਚ ਚੱਲਦੇ ਡੀਜੇ ਸਪੀਕਰਾਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਬੀਮਾਰ ਲੋਕਾਂ ਲਈ ਵੀ ਕਾਫੀ ਮੁਸ਼ਕਿਲ ਪੈਦਾ ਹੁੰਦੀ ਹੈ। ਆਵਾਜ਼ ਨੂੰ ਦਾਇਰੇ ’ਚ ਰੱਖਣ ਦੇ ਸਪਸ਼ਟ ਹੁਕਮ ਹਨ। ਪਰ ਕੋਈ ਵੀ ਇਹ ਹੁਕਮ ਮੰਨਣ ਨੂੰ ਤਿਆਰ ਨਹੀਂ ਹੈ।