ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 29 ਮਈ
ਸਥਾਨਕ ਸ਼ਹਿਰ ਦੇ ਦੋ ਅਖੌਤੀ ਪੱਤਰਕਾਰਾਂ ਨੂੰ ਖ਼ਬਰ ਨਾ ਲਗਾਉਣ ਬਦਲੇ ਪੈਸੇ ਮੰਗਣੇ ਉਸ ਸਮੇਂ ਮਹਿੰਗੇ ਪੈ ਗਏ, ਇਨ੍ਹਾਂ ਨੂੰ ਮੌਕੇ ’ਤੇ ਹੀ ਪੁਲੀਸ ਹਵਾਲੇ ਕਰ ਦਿੱਤਾ ਗਿਆ। ਸਬ ਡਿਵੀਜ਼ਨ ਫਾਜ਼ਿਲਕਾ ਦੇ ਪਿੰਡ ਸਾਬੂਆਣਾ ਦੇ ਪੀੜਤਾਂ ਨੇ ਦੱਸਿਆ ਹੈ ਕਿ ਇੱਕ ਲੜਕਾ ਉਨ੍ਹਾਂ ਦੇ ਖ਼ਿਲਾਫ਼ ਖਬਰ ਨਾ ਲਗਾਉਣ ਲਈ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਿਸ ਤੋਂ ਬਾਾਅਦ ਲੋਕਾਂ ਨੇ ਉਸ ਨੂੰ ਪਿੰਡ ਵਿੱਚ ਬੁਲਾਇਆ ਅਤੇ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਪੀੜਤ ਲੱਖਾ ਸਿੰਘ ਨੇ ਦੱਸਿਆ ਕਿ ਉਕਤ ਪੱਤਰਕਾਰਾਂ ਨੇ ਉਸ ਦੇ ਵਿਰੁੱਧ ਇੱਕ ਲੜਕੀ ਵੱਲੋਂ ਐੱਸਐੱਸਪੀ ਦਫ਼ਤਰ ਵਿੱਚ ਦਰਖ਼ਾਸਤ ਦੇਣ ਬਾਰੇ ਗੱਲ ਕਹੀ ਸੀ ਤੇ ਇਸ ਮਾਮਲੇ ਨੂੰ ਅੱਗੇ ਨਾ ਵਧਾਉਣ ਬਦਲੇ ਪੈਸਿਆਂ ਦੀ ਮੰਗ ਕੀਤੀ ਸੀ। ਲੱਖਾ ਸਿੰਘ ਨੇ ਦੱਸਿਆ,‘‘ਆਪਣੇ ਆਪ ਨੂੰ ਪੱਤਰਕਾਰ ਦੱਸਣ ਵਾਲਿਆਂ ਨੇ ਕਿਹਾ ਸੀ ਕਿ ਖ਼ਬਰ ਲਾਉਣ ਬਦਲੇ ਕੁੜੀ ਵਾਲਿਆਂ ਨੇ 3500 ਰੁਪਏ ਦਿੱਤੇ ਹਨ, ਤੁਸੀਂ ਖਬਰ ਨਾ ਲਾਉਣ ਬਦਲੇ 5 ਹਜ਼ਾਰ ਰੁਪਏ ਦੇ ਦਿਓ।’’ ਉਧਰ ਮੌਕੇ ’ਤੇ ਪਹੁੰਚੀ ਪੁਲੀਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਯੁਵਰਾਜ ਸਿੰਘ ਅਤੇ ਮਨਿੰਦਰ ਸਿੰਘ ਖ਼ਿਲਾਫ਼ ਸ਼ਿਕਾਇਤ ਮਿਲੀ ਸੀ, ਜਿਸ ਦੇ ਆਧਾਰ ’ਤੇ ਉਕਤ ਅਖੌਤੀ ਪੱਤਰਕਾਰਾਂ ਨੂੰ ਫੜ ਕੇ ਪੜਤਾਲ ਕਰ ਰਹੇ ਹਾਂ।’’ ਮੁਲਜ਼ਮਾਂ ਨੇ ਦੱਸਿਆ,‘‘ਵਿਆਹ ਕਰਵਾਉਣ ਬਦਲੇ ਤਵੀਤ ਪਾਉਣ ਸਬੰਧੀ ਸ਼ਿਕਾਇਤ ਮਿਲੀ ਸੀ, ਅਸੀਂ ਇਸ ਬਾਬੇ ਦਾ ਪੱਖ ਲੈਣ ਲਈ ਆਏ ਸੀ।’’