ਗੁਰਜੰਟ ਕਲਸੀ
ਸਮਾਲਸਰ, 18 ਅਗਸਤ
ਮਹਿੰਗੇ ਡੀਜ਼ਲ ਤੇ ਘੱਟ ਕਿਰਾਏ ਨੇ ਅੱਜ ਟਰੱਕਾਂ ਅਤੇ ਟਰਾਂਸਪੋਰਟਰਾਂ ਦਾ ਕੰਮ ਲੀਹ ਤੋਂ ਲਾਹ ਦਿੱਤਾ ਹੈ, ਜਿਸ ਕਾਰਨ ਅੱਧੇ ਲੋਕ ਟਰੱਕ ਵੇਚ ਕੇ ਇਹ ਕਾਰੋਬਾਰ ਛੱਡ ਚੁੱਕੇ ਹਨ। ਪੁਰਾਣੀ ਟਰੱਕ ਯੂਨੀਅਨ ਬਾਘਾ ਪੁਰਾਣਾ ਦੇ ਆਗੂ ਅਮਰਜੀਤ ਸਿੰਘ ਰਾਜੇਆਣਾ ਨੇ ਆਖਿਆ ਕਿ ਦੋ ਸਾਲਾਂ ’ਚ ਡੀਜ਼ਲ ਦਾ ਭਾਅ ਦੁੱਗਣਾ ਹੋ ਗਿਆ ਹੈ ਪਰ ਦਸ ਸਾਲਾਂ ਤੋਂ ਕਿਰਾਇਆ ਪੁਰਾਣਾ ਹੀ ਚੱਲ ਰਿਹਾ ਹੈ। ਸਰਕਾਰਾਂ ਐੱਮਪੀ, ਐੱਮਐੱਲਏ ਦੀਆਂ ਤਨਖਾਹਾਂ 10 ਤੋਂ 15 ਸਾਲਾਂ ’ਚ ਦੁੱਗਣੀਆਂ ਕਰ ਦਿੰਦੀਆਂ ਹਨ ਪ੍ਰੰਤੂ ਆਮ ਲੋਕਾਂ ਬਾਬਤ ਸੋਚਣ ਲਈ ਕੋਈ ਸਰਕਾਰ ਤਿਆਰ ਨਹੀਂ ਹੈ। ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਬਚਨ ਸਿੰਘ ਬਰਾੜ ਨੇ ਆਖਿਆ ਕਿ ਟਾਈਰਾਂ, ਸਪੇਅਰ ਪਾਰਟਸ ਅਤੇ ਟਰੱਕਾਂ ਦੀ ਰਿਪੇਅਰ ਦੁੱਗਣੇ ਰੇਟ ਤੋਂ ਵੀ ਵੱਧ ਗਈ ਹੈ ਪਰ ਸਰਕਾਰੀ ਰੇਟ ਸਥਿਰ ਹਨ ਜਿਸ ਕਾਰਨ ਪ੍ਰਾਈਵੇਟ ਕੰਪਨੀਆਂ ਵੀ ਰੇਟ ਨਹੀਂ ਵਧਾ ਰਹੀਆਂ। ਅਜਿਹੇ ਵਿਚ ਟਰੱਕ ਮਾਲਕਾਂ ਦਾ ਕਾਰੋਬਾਰ ਅੱਜ ਘਾਟੇ ਦਾ ਸੌਦਾ ਬਣ ਗਿਆ ਹੈ। ਇਸੇ ਤਰ੍ਹਾਂ ਪੁਰਾਣੀ ਟਰੱਕ ਯੂਨੀਅਨ ਦੇ ਪ੍ਰਧਾਨ ਜਗਤਾਰ ਸਿੰਘ ਰਾਜੇਆਣਾ ਦਾ ਕਹਿਣਾ ਹੈ ਕਿ ਸਰਕਾਰੀ ਟੈਂਡਰਾਂ ਅੰਦਰ ਆਪਸੀ ਮੁਕਾਬਲੇਬਾਜ਼ੀ ਕਾਰਨ ਵੀ ਟਰੱਕਾਂ ਦੇ ਕਿਰਾਏ ਘੱਟ ਰਹੇ ਹਨ। ਦਸ ਸਾਲ ਪਹਿਲਾਂ ਬਾਘਾ ਪੁਰਾਣਾ ਵਰਗੇ ਛੋਟੇ ਜਿਹੇ ਸ਼ਹਿਰ ਅੰਦਰ 1200 ਟਰੱਕਾਂ ਦਾ ਕਾਫਲਾ ਸੀ ਜੋ ਘੱਟ ਕੇ 600 ਰਹਿ ਗਿਆ ਹੈ। 600 ਟਰੱਕਾਂ ਵਿੱਚੋਂ ਵੀ ਵੱਡੀ ਗਿਣਤੀ ਟਰੱਕ ਮਾਲਕ ਆਪਣੇ ਟਰੱਕ ਵੇਚਣ ਲਈ ਤਿਆਰ ਬਰ ਤਿਆਰ ਬੈਠੇ ਹਨ। ਅਮਰ ਵੇਲ ਵਾਂਗ ਵੱਧਦੀਆਂ ਤੇਲ ਅਤੇ ਸਪੇਅਰ ਪਾਰਟਸ ਦੀਆਂ ਕੀਮਤਾਂ ਨੇ ਟਰੱਕ ਮਾਲਕਾਂ ਨੂੰ ਘਾਟੇ ਵਿਚ ਪਾ ਦਿੱਤਾ ਹੈ। ਟਰੱਕ ਮਾਲਕ ਜਸਵੀਰ ਸਿੰਘ ਜੱਗਾ, ਸਿਕੰਦਰ ਸਿੰਘ, ਜਸਵੀਰ ਸਿੰਘ, ਤੀਰਥ ਸਿੰਘ, ਸੁਖਮੰਦਰ ਸਿੰਘ, ਗੁਰਪ੍ਰੀਤ ਸਿੰਘ, ਬੱਬੂ ਅਤੇ ਕਮਲ ਗਿੱਲ ਦਾ ਕਹਿਣਾ ਹੈ ਕਿ ਟਰੱਕਾਂ ਦੀ ਕਾਗਜ਼ੀ ਕਾਰਵਾਈ ਅੰਦਰ ਇੰਨਾ ਜ਼ਿਆਦਾ ਭ੍ਰਿਸ਼ਟਾਚਾਰ ਫੈਲਿਆ ਹੈ ਕਿ ਉਹ ਟਰੱਕ ਮਾਲਕਾਂ ਦੀਆਂ ਜੇਬ੍ਹਾਂ ਖਾਲੀ ਕਰ ਦਿੰਦਾ ਹੈ। ਇਹ ਭ੍ਰਿਸ਼ਟਾਚਾਰ ਵੀ ਟਰੱਕ ਮਾਲਕਾਂ ਨੂੰ ਘਾਟੇ ਵੱਲ ਤੋਰਦਾ ਹੈ। ਉਪਰੋਂ ਥਾਂ-ਥਾਂ ਲੱਗੇ ਟੋਲ ਟੈਕਸ ਨੇ ਅੱਜ ਟਰੱਕ ਮਾਲਕਾਂ ਦੀ ਹਾਲਤ ਖਸਤਾ ਕਰ ਦਿੱਤੀ ਹੈ। ਇਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਵੱਧ ਰਹੀ ਹੈ ਕੀ ਕੋਈ ਸਰਕਾਰ ਸਾਡੇ ਬਾਬਤ ਸੋਚੇਗੀ?