ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 22 ਅਪਰੈਲ
ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਜਾਰੀ ਦੋ ਪੱਤਰਾਂ ਦੀ ਸ਼ਹਿਰ ’ਚ ਕਾਫੀ ਚਰਚਾ ਹੋ ਰਹੀ ਹੈ। ਕੌਂਸਲ ਪ੍ਰਧਾਨ ਵੱਲੋਂ 19 ਅਪਰੈਲ ਨੂੰ ਕਾਰਜ ਸਾਧਕ ਅਧਿਕਾਰੀ, ਸਹਾਇਕ ਮਿਉਂਸਪਲ ਇੰਜਨੀਅਰ, ਜੂਨੀਅਰ ਇੰਜਨੀਅਰ ਅਤੇ ਲੇਖਾਕਾਰ ਨੂੰ ਵਿਸ਼ੇਸ਼ ਪੱਤਰ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਪਾਰਕਾਂ ਅਤੇ ਜਿੰਮਾਂ ਦੀ ਦਿੱਖ ਨੂੰ ਸੁਧਾਰਨ ਦੇ ਮੰਤਵ ਨਾਲ 75 ਲੱਖ ਰੁਪਏ ਦੀ ਲਾਗਤ ਦਾ ਕੰਮ ਅਮਨਦੀਪ ਠੇਕੇਦਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਪਰ ਠੇਕੇਦਾਰ ਵੱਲੋਂ ਸਰਕਾਰੀ ਨਿਯਮਾਂ ਅਨੁਸਾਰ ਕੰਮ ਨਹੀਂ ਕੀਤਾ ਜਾ ਰਿਹਾ। ਕਈ ਕੌਂਸਲਰਾਂ ਵੱਲੋਂ ਠੇਕੇਦਾਰ ਖ਼ਿਲਾਫ਼ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ। ਇਸ ਲਈ ਪੱਤਰ ਨੂੰ ਜ਼ਰੂਰੀ ਸਮਝਦੇ ਹੋਏ ਠੇਕੇਦਾਰ ਅਮਨਦੀਪ ਨੂੰ ਕੋਈ ਅਦਾਇਗੀ ਨਾ ਕੀਤੀ ਜਾਵੇ। ਠੇਕੇਦਾਰ ਦੇ ਕੰਮ ਦੀ ਉੱਚ ਪੱਧਰੀ ਪੜਤਾਲ ਕਰਕੇ ਹੀ ਰਕਮ ਦੀ ਅਦਾਇਗੀ ਕੀਤੀ ਜਾਵੇਗੀ।
ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਰਾਮਣਵਾਸੀਆ ਨੇ ਬਿਨਾਂ ਜਾਂਚ ਕਰਵਾਏ ਹੀ 21 ਅਪਰੈਲ ਨੂੰ ਦੂਸਰਾ ਪੱਤਰ ਜਾਰੀ ਕਰਕੇ ਠੇਕੇਦਾਰ ਨੂੰ ਤੁਰੰਤ ਰਕਮ ਦੀ ਅਦਾਇਗੀ ਕਰਨ ਦਾ ਹੁਕਮ ਚਾੜ੍ਹ ਦਿੱਤਾ। ਨਗਰ ਕੌਂਸਲ ਦੇ ਇਸ ਮਾਮਲੇ ਦੀ ਭਿਣਕ ਸ਼ਹਿਰ ਦੇ ਬਾਕੀ ਕੌਂਸਲਰਾਂ ਕੋਲ ਪਹੁੰਚ ਗਈ। 15 ਕੌਂਸਲਰਾਂ ਨੇ ਕਾਰਜ ਸਾਧਕ ਅਧਿਕਾਰੀ ਸਤੀਸ਼ ਸ਼ਰਮਾ ਨੂੰ ਪਾਰਕਾਂ ਤੇ ਜਿੰਮਾਂ ਦੇ ਕੰਮਾਂ ਸਬੰਧੀ ਠੇਕੇਦਾਰ ਅਮਨਦੀਪ ਨੂੰ ਕੋਈ ਅਦਾਇਗੀ ਨਾ ਕਰਨ ਲਈ ਕਿਹਾ ਹੈ। ‘ਆਪ’ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਸ਼ਹਿਰ ’ਚ ਪਾਰਕਾਂ ਤੇ ਜਿੰਮਾਂ ਦੇ ਨਾਂ ’ਤੇ ਕੀਤੀ ਜਾ ਰਹੀ ਲੁੱਟ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਤੇ ਨਗਰ ਸੁਧਾਰ ਟਰੱਸਟ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਕਰਵਾਏ ਗਏ ਕੰਮਾਂ ਦੀ ਜਾਂਚ ਵੀ ਵਿਜੀਲੈਂਸ ਤੋਂ ਕਰਵਾਈ ਜਾਵੇਗੀ। ਇਸ ਸਬੰਧੀ ਕਾਰਜ ਸਾਧਕ ਅਧਿਕਾਰੀ ਸਤੀਸ ਸ਼ਰਮਾ ਨੇ ਕਿਹਾ ਕਿ ਪਾਰਕਾਂ ਤੇ ਜਿੰਮਾਂ ਦੇ ਕੰਮਾਂ ਦੀ ਅਦਾਇਗੀ ਰੋਕ ਦਿੱਤੀ ਹੈ। ਕੰਮ ਦੀ ਜਾਂਚ ਮਗਰੋਂ ਹੀ ਰਕਮ ਦਿੱਤੀ ਜਾਵੇਗੀ।