ਸੰਜੀਵ ਹਾਂਡਾ
ਫ਼ਿਰੋਜ਼ਪੁਰ, 16 ਸਤੰਬਰ
ਨੈਸ਼ਨਲ ਹਾਈਵੇਅ ਡਵੀਜ਼ਨ ਫ਼ਿਰੋਜ਼ਪੁਰ ਦੇ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਮਨਪ੍ਰੀਤਮ ਸਿੰਘ ਨੂੰ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਮੁਅੱਤਲ ਦੇ ਕੀਤੇ ਹੁਕਮਾਂ ਵਿਚ ਕਿਸੇ ਵੀ ਕੇਸ ਦਾ ਜ਼ਿਕਰ ਨਹੀਂ ਕੀਤਾ ਗਿਆ, ਪਰ ਸੂਤਰਾਂ ਮੁਤਾਬਕ ਸਾਲ 2019 ਵਿਚ ਜਲਾਲਾਬਾਦ ਵਿੱਚ ਬਣਾਏ ਇਕ ਰੇਲਵੇ ਪੁਲ ਦੇ ਕੰਪਲੀਸ਼ਨ ਸਰਟੀਫ਼ਿਕੇਟ ਦੀ ਰਿਪੋਰਟ ਨੂੰ ਤਸਦੀਕ ਕੀਤੇ ਜਾਣ ਦੇ ਦੋਸ਼ ਹੇਠ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਐਕਸੀਅਨ ਮਨਪ੍ਰੀਤਮ ਨੇ ਅੱਜ ਚੰਡੀਗੜ੍ਹ ਵਿਚ ਚੀਫ ਇੰਜਨੀਅਰ ਨਾਲ ਮੁਲਾਕਾਤ ਕਰ ਕੇ ਪੱਖ ਰੱਖਿਆ ਹੈ।
ਵੇਰਵਿਆਂ ਮੁਤਾਬਕ ਸਾਲ 2019 ਵਿਚ ਮੈਸ. ਮਾਨ ਬਿਲਡਰਜ਼ ਪੰਚਕੂਲਾ ਵੱਲੋਂ ਜਲਾਲਬਾਦ ਵਿੱਚ ਰੇਲਵੇ ਪੁਲ ਐਕਸੀਅਨ ਸਤੀਸ਼ ਗੋਇਲ ਤੇ ਐਸਡੀਓ ਨਵਦੀਪ ਸਿੰਗਲਾ ਦੀ ਦੇਖ-ਰੇਖ ਹੇਠ ਬਣਾਇਆ ਗਿਆ ਸੀ। ਫਰਮ ਵੱਲੋਂ ਮਾਰਚ 2021 ਵਿਚ ਇਸ ਦਾ ਕੰਪੀਲਸ਼ਨ ਸਰਟੀਫਿਕੇਟ ਹਾਸਲ ਕੀਤਾ ਗਿਆ। ਮਹਿਕਮੇ ਵੱਲੋਂ ਐਕਸੀਅਨ ਮਨਪ੍ਰੀਤਮ ਨੂੰ ਚਿੱਠੀ ਲਿਖ ਕੇ ਸਾਲ 2021 ਵਿਚ ਜਾਰੀ ਹੋਏ ਕੰਪੀਲਸ਼ਨ ਸਰਟੀਫਿਕੇਟ ਦੀ ਰਿਪੋਰਟ ਮੰਗੀ ਗਈ ਸੀ। ਐਕਸੀਅਨ ਨੇ ਤਤਕਾਲੀ ਐਸਡੀਓ ਨਵਦੀਪ ਸਿੰਘ ਵੱਲੋਂ ਜਾਰੀ ਕੀਤੇ ਕੰਪੀਲਸ਼ਨ ਸਰਟੀਫਿਕੇਟ ਦੀ ਰਿਪੋਰਟ ਰਿਕਾਰਡ ਮੁਤਾਬਿਕ ਬਣਾ ਕੇ ਅੱਗੇ ਭੇਜੀ ਸੀ। ਮਾਨ ਬਿਲਡਰਜ਼ ਦੇ ਕਿਸੇ ਵਿਰੋਧੀ ਵੱਲੋਂ ਮਹਿਕਮੇ ਨੂੰ ਇੱਕ ਸ਼ਿਕਾਇਤ ਪਾ ਦਿੱਤੀ ਗਈ ਤੇ ਸਾਲ 2021 ਵਿਚ ਜਾਰੀ ਹੋਏ ਕੰਪੀਲਸ਼ਨ ਸਰਟੀਫਿਕੇਟ ਨੂੰ ਗ਼ਲਤ ਕਰਾਰ ਦਿੱਤਾ ਗਿਆ ਤੇ ਸਰਕਾਰ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।
ਮੇਰੇ ਖ਼ਿਲਾਫ਼ ਜਲਦਬਾਜ਼ੀ ਵਿਚ ਲਿਆ ਗਿਆ ਫ਼ੈਸਲਾ: ਐਕਸੀਅਨ
ਐਕਸੀਅਨ ਮਨਪ੍ਰੀਤਮ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭੇਜੀ ਰਿਪੋਰਟ ਦਫ਼ਤਰ ਵਿੱਚ ਮੌਜੂਦ ਰਿਕਾਰਡ ਦੇ ਆਧਾਰ ’ਤੇ ਬਣਾਈ ਗਈ ਸੀ। ਰਿਪੋਰਟ ਭੇਜਣ ਤੋਂ ਪਹਿਲਾਂ ਸਬੰਧਤ ਐਸਡੀਓ ਨਵਦੀਪ ਗੋਇਲ ਕੋਲੋਂ ਵੀ ਲਿਖਤੀ ਜਵਾਬ ਮੰਗਿਆ ਗਿਆ ਹੈ, ਜਿਸ ਦਾ ਜ਼ਿਕਰ ਰਿਪੋਰਟ ਵਿਚ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਐਕਸ਼ਨ ਜਲਦਬਾਜ਼ੀ ਵਿਚ ਕੀਤੀ ਗਈ ਕਾਰਵਾਈ ਹੈ।