ਪ੍ਰਭੂ ਦਿਆਲ
ਸਿਰਸਾ, 17 ਜੁਲਾਈ
ਆਬਕਾਰੀ ਵਿਭਾਗ ਦੀ ਟੀਮ ਨੇ ਸ਼ਹਿਰ ਦੇ ਸ਼ਰਾਬ ਦੇ ਕਈ ਠੇਕਿਆਂ ’ਤੇ ਛਾਪੇ ਮਾਰੇ। ਤਿੰਨ ਠੇਕਿਆਂ ’ਤੇ ਬੇਨਿਯਮੀਆਂ ਮਿਲਣ ’ਤੇ ਉਨ੍ਹਾਂ ਨੂੰ ਸੀਲ ਕੀਤਾ ਗਿਆ। ਛਾਪੇ ਦੌਰਾਨ ਅਧਿਕਾਰੀਆਂ ਨਾਲ ਸੁਰੱਖਿਆ ਦੇ ਮੱਦੇਨਜ਼ਰ ਸਿਟੀ ਥਾਣਾ ਪੁਲੀਸ ਵੱਡੀ ਗਿਣਤੀ ’ਚ ਮੌਜੂਦ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ, ਆਬਕਾਰੀ ਵਿਭਾਗ ਦੀ ਟੀਮ ਨੇ ਅੱਜ ਸਵੇਰੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਨੇੜੇ ਸਥਿਤ ਇੱਕ ਸ਼ਰਾਬ ਦੇ ਠੇਕੇ ’ਤੇ ਛਾਪਾ ਮਾਰਿਆ। ਇਸ ਮਗਰੋਂ ਘੰਟਾ ਘਰ ਚੌਕ ਨੇੜੇ ਅਤੇ ਜੇ ਜੇ ਕਾਲੋਨੀ ਨੇੜੇ ਸਥਿਤ ਸ਼ਰਾਬ ਦੇ ਠੇਕਿਆਂ ’ਤੇ ਛਾਪੇ ਮਾਰੇ ਗਏ। ਟੀਮ ਨੇ ਠੇਕਿਆਂ ਦੇ ਰਿਕਾਰਡ ਕਬਜ਼ੇ ਵਿੱਚ ਲੈ ਲਏ ਅਤੇ ਤਿੰਨਾਂ ਠੇਕਿਆਂ ਨੂੰ ਸੀਲ ਕਰ ਦਿੱਤਾ ਗਿਆ। ਇਸ ਦੌਰਾਨ ਆਬਕਾਰੀ ਅਧਿਕਾਰੀ ਮੀਡੀਆ ਤੋਂ ਬਚਦੇ ਨਜ਼ਰ ਆਏ ਅਤੇ ਉਨ੍ਹਾਂ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਲੋਕਾਂ ਨੇ ਦੱਸਿਆ ਕਿ ਉਕਤ ਸ਼ਰਾਬ ਦੇ ਠੇਕੇਦਾਰ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਸ਼ਰਾਬ ਦੀ ਵਿਕਰੀ ਕਰਦੇ ਸਨ। ਉਨ੍ਹਾਂ ਨੇ ਦੱਸਿਆ ਸ਼ਹਿਰ ਦੇ ਬਹੁਤ ਸਾਰੇ ਅਜਿਹੇ ਠੇਕੇ ਹਨ, ਜਿਹੜੇ ਆਪਣੀ ਮਨਮਰਜੀ ਦੇ ਰੇਟਾਂ ’ਤੇ ਸ਼ਰਾਬ ਦੀ ਵਿਕਰੀ ਕਰਦੇ ਹਨ। ਇਹ ਸ਼ਿਕਾਇਤਾਂ ਸਰਕਾਰ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਰਹੀਆਂ ਸਨ, ਜਿਸ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ।