ਪੱਤਰ ਪ੍ਰੇਰਕ
ਗਿੱਦੜਬਾਹਾ, 18 ਫਰਵਰੀ
ਸਾਬਕਾ ਫੌਜੀ ਅਤੇ ਜੀਓਜੀ ਅਵਤਾਰ ਸਿੰਘ ਫ਼ਕਰਸਰ ਨਾਲ ਥਾਣਾ ਮੁਖੀ ਵੱਲੋਂ ਕੀਤੇ ਦੁਰਵਿਵਹਾਰ ਅਤੇ ਮਾਮਲੇ ਵਿੱਚ ਹਾਲੇ ਤੱਕ ਕੋਈ ਕਾਰਵਾਈ ਨਾ ਹੋਣ ਦੇ ਚੱਲਦਿਆਂ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਇਸ ਨਾਲ ਲੱਗਦੇ ਜਿਲ੍ਹਿਆਂ ਦੇ ਸਾਬਕਾ ਸੈਨਿਕਾਂ, ਭਾਰਤੀ ਕਿਸਾਨ ਏਕਤਾ ਉਗਰਾਹਾਂ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਥਾਣਾ ਗਿੱਦੜਬਾਹਾ ਦੇ ਗੇਟ ਅੱਗੇ ਧਰਨਾ ਦੇ ਕੇ ਥਾਣਾ ਮੁਖੀ ਮਨਿੰਦਰ ਸਿੰਘ ਵਿਰੁੱਧ ਬਣਦੀ ਕਾਰਵਾਈ ਲਈ ਨਾਅਰੇਬਾਜ਼ੀ ਕੀਤੀ ਗਈ। ਸ੍ਰੀ ਫ਼ਕਰਸਰ ਨੇ ਦੱਸਿਆ ਕਿ 9 ਫਰਵਰੀ ਨੂੰ ਪਿੰਡ ਫ਼ਕਰਸਰ ਦੀ ਪੰਚਾਇਤ ਨਾਲ ਕਿਸੇ ਗੰਭੀਰ ਮਸਲੇ ਦੇ ਹੱਲ ਲਈ ਉਹ ਗਿੱਦੜਬਾਹਾ ਦੇ ਥਾਣਾ ਮੁਖੀ ਕੋਲ ਪੁੱਜੇ ਸਨ ਪਰ ਥਾਣਾ ਮੁਖੀ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਤੇ ਥਾਣੇ ਵਿੱਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਡੀ.ਐਸ.ਪੀ. ਨੇ ਦੱਸਿਆ ਕਿ ਜਾਂਚ ਉਪਰੰਤ ਕਾਰਵਾਈ ਕੀਤੀ ਜਾਵੇਗੀ।