ਪੱਤਰ ਪ੍ਰੇਰਕ
ਗਿੱਦੜਬਾਹਾ, 14 ਨਵੰਬਰ
ਸਾਬਕਾ ਸੈਨਿਕ ਭਲਾਈ ਵਿੰਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫ਼ਕਰਸਰ ਅਤੇ ਬਲਾਕ ਗਿੱਦੜਬਾਹਾ ਦੇ ਪ੍ਰਧਾਨ ਕਿਰਪਾਲ ਸਿੰਘ ਬਾਦੀਆਂ ਦੀ ਅਗਵਾਈ ਹੇਠ ਸਥਾਨਕ ਘੰਟਾ ਘਰ ਚੌਕ ਵਿੱਚ ਕੰਗਨਾ ਰਣੌਤ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਅਵਤਾਰ ਸਿੰਘ ਫ਼ਕਰਸਰ ਅਤੇ ਕਿਰਪਾਲ ਸਿੰਘ ਬਾਦੀਆਂ ਨੇ ਕਿਹਾ ਕਿ ਕੰਗਨਾ ਰਣੌਤ ਨੇ ਦੇਸ਼ ਦੀ ਅਜ਼ਾਦੀ ਸਬੰਧੀ ਭੀਖ ਦਾ ਬਿਆਨ ਦੇ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਮੋਦੀ ਸਰਕਾਰ ਦੇ ਗੁਣਗਾਨ ਕਰਦੀ ਹੈ, ਜਿਸ ਬਦਲੇ ਮੋਦੀ ਸਰਕਾਰ ਨੇ ਉਸ ਨੂੰ ਪਦਮ ਸ੍ਰੀ ਵਰਗਾ ਐਵਾਰਡ ਦਿੱਤਾ ਹੈ, ਜਿਸ ਦੀ ਉਹ ਹੱਕਦਾਰ ਨਹੀਂ ਸੀ, ਉਨ੍ਹਾ ਮੰਗ ਕੀਤੀ ਕਿ ਕੰਗਨਾ ਰਣੌਤ ਤੋਂ ਪਦਮ ਸ੍ਰੀ ਵਾਪਸ ਲਿਆ ਜਾਵੇ ਅਤੇ ਉਸ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਵੇ, ਨਹੀਂ ਤਾਂ ਸਾਬਕਾ ਸੈਨਿਕ ਸੰਘਰਸ਼ ਨੂੰ ਦੇਸ਼ ਭਰ ਤੱਕ ਲੈ ਕੇ ਜਾਣਗੇ। ਉਪਰੰਤ ਸਮੂਹ ਸਾਬਕਾ ਸੈਨਿਕਾਂ ਨੇ ਕੰਗਨਾ ਰਣੌਤ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਸਬੰਧੀ ਸ਼ਿਕਾਇਤ ਗਿੱਦੜਬਾਹਾ ਦੇ ਥਾਣਾ ਮੁਖੀ ਨੂੰ ਸੌਂਪੀ।