ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 4 ਮਈ
ਸਾਬਕਾ ਸੈਨਿਕ ਸਾਂਝਾ ਮੋਰਚਾ ਪੰਜਾਬ ਵੱਲੋ ਅੱਜ ਮਲੋਟ ਬਠਿੰਡਾ ਸੜਕ ’ਤੇ ਜੁੜਵੀਆਂ ਨਹਿਰਾਂ ਦੇ ਵਿਚਕਾਰ ਧਰਨਾ ਲਗਾ ਕੇ ਆਵਾਜਾਈ ਜਾਮ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਸਾਬਕਾ ਸੈਨਿਕਾਂ ਪਰਮਜੀਤ ਸਿੰਘ ਢੀਂਡਸਾ, ਕੈਪਟਨ ਲਖਵਿੰਦਰ ਸਿੰਘ ਆਦਿ ਨੇ ਦੱਸਿਆ ਕਿ 9 ਫ਼ਰਵਰੀ 2022 ਨੂੰ ਸੂਬੇਦਾਰ ਅਵਤਾਰ ਸਿੰਘ ਫਕਰਸਰ ਪਿੰਡ ਦੇ ਕਿਸੇ ਸਾਂਝੇ ਕੰਮ ਲਈ ਥਾਣਾ ਗਿੱਦੜਬਾਹਾ ਗਏ ਸਨ, ਜਿੱਥੇ ਉਸ ਸਮੇਂ ਦੇ ਥਾਣਾ ਮੁਖੀ ਮਨਿੰਦਰ ਸਿੰਘ ਨੇ ਅਵਤਾਰ ਸਿੰਘ ਫਕਰਸਰ ਨਾਲ ਬਦਕਲਾਮੀ ਕੀਤੀ ਅਤੇ ਉਨ੍ਹਾਂ ਨੂੰ ਜ਼ਲੀਲ ਕੀਤਾ, ਇੱਥੋਂ ਤੱਕ ਕਿ ਸੈਨਿਕਾਂ ਦੇ ਬੱਚਿਆਂ ਪ੍ਰਤੀ ਵੀ ਗ਼ਲਤ ਸ਼ਬਦਾਵਲੀ ਵਰਤੀ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਇਨਸਾਫ਼ ਲੈਣ ਲਈ ਉਨ੍ਹਾਂ 18 ਫ਼ਰਵਰੀ ਨੂੰ ਥਾਣਾ ਗਿੱਦੜਬਾਹਾ ਦੇ ਬਾਹਰ ਧਰਨਾ ਦਿੱਤਾ ਸੀ ਪਰ ਪ੍ਰਸ਼ਾਸਨ ’ਤੇ ਕੋਈ ਅਸਰ ਨਹੀਂ ਹੋਇਆ, ਜਿਸ ਤੋਂ ਬਾਅਦ 21 ਮਾਰਚ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨੇ ਮੌਕੇ ਡਿਪਟੀ ਕਮਿਸ਼ਨਰ ਨੇ 13 ਅਪਰੈਲ ਤੱਕ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ। ਪਰ ਉਸ ਤੋਂ ਕਰੀਬ ਇੱਕ ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਪ੍ਰਸ਼ਾਸਨ ਨੇ ਮਨਿੰਦਰ ਸਿੰਘ ’ਤੇ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਉਸ ਨੂੰ ਲੰਬੀ ਥਾਣੇ ਦਾ ਮੁਖੀ ਲਗਾ ਕੇ ਸਾਬਕਾ ਸੈਨਿਕਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਜੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਨੂੰ ਜਲਦ ਇਨਸਾਫ਼ ਦਿੰਦਿਆਂ ਮਨਿੰਦਰ ਸਿੰਘ ’ਤੇ ਕਾਰਵਾਈ ਨਾ ਕੀਤੀ ਤਾਂ ਉਹ ਆਪਣਾ ਸੰਘਰਸ਼ ਦੇਸ਼ ਭਰ ਵਿੱਚ ਲੈ ਕੇ ਜਾਣਗੇ। ਉੱਧਰ ਮੌਕੇ ’ਤੇ ਮੌਜੂਦ ਡੀਐਸਪੀ ਗਿੱਦੜਬਾਹਾ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਜਲਦੀ ਹੀ ਕੋਈ ਠੋਸ ਨਤੀਜਾ ਨਿਕਲੇਗਾ। ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕਾਂ ਵੱਲੋਂ ਰਾਸ਼ਟਰੀ ਰਾਜ ਮਾਰਗ ਜਾਮ ਕੀਤਾ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।