ਲਖਵੀਰ ਸਿੰਘ ਚੀਮਾ
ਟੱਲੇਵਾਲ, 7 ਦਸੰਬਰ
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਤੋਂ ਬਾਅਦ ਦੇਸ਼ ਭਰ ਦਾ ਅੰਨਦਾਤਾ ਖੜ੍ਹਾ ਹੋ ਗਿਆ ਹੈ। ਲਗਾਤਾਰ 26 ਨਵੰਬਰ ਤੋਂ ਦਿੱਲੀ ਦੀਆਂ ਹੱਦਾਂ ’ਤੇ ਕਿਸਾਨ ਰਾਤਾਂ ਗੁਜ਼ਾਰ ਰਹੇ ਹਨ ਪਰ ਸਰਕਾਰੀ ਧਿਰ ਅਤੇ ਉਸ ਦੇ ਹਮਾਇਤੀ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਨੂੰ ਅਤਿਵਾਦੀ, ਖਾਲਿਸਤਾਨੀ ਅਤੇ ਦੇਸ਼ ਧ੍ਰੋਹੀ ਦੇ ਖਿਤਾਬ ਵੰਡਣ ਲੱਗੀਆਂ ਹਨ। ਇਹ ਖ਼ਿਤਾਬ ਉਨ੍ਹਾਂ ਲੋਕਾਂ ਨੂੰ ਵੀ ਵੰਡੇ ਜਾ ਰਹੇ ਹਨ, ਜੋ ਆਪਣੀ ਜ਼ਿੰਦਗੀ ਹੀ ਦੇਸ਼ ਦੇ ਲੇਖੇ ਲਾ ਚੁੱਕੇ ਹਨ। ਵੱਡੀ ਗਿਣਤੀ ਵਿੱਚ ਸਾਬਕਾ ਫ਼ੌਜੀ ਕਿਸਾਨ ਜਥੇਬੰਦੀਆਂ ਦੇ ਮੈਂਬਰ ਬਣੇ ਹੋਏ ਹਨ ਅਤੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿੱਚ ਮੋਰਚਾ ਲਾਈ ਬੈਠੇ ਹਨ।
ਪਿੰਡ ਭੋਤਨਾ ਦੇ ਗੁਰਨਾਮ ਸਿੰਘ ਦਾ ਸਾਰਾ ਹੀ ਪਰਿਵਾਰ ਦੇਸ਼ ਲੇਖੇ ਲੱਗ ਚੁੱਕਿਆ ਹੈ। ਪਹਿਲਾਂ ਉਸ ਦਾ ਪਿਤਾ ਚੂਹੜ ਸਿੰਘ ਫ਼ੌਜੀ ਰਿਹਾ, ਫ਼ਿਰ ਗੁਰਨਾਮ ਸਿੰਘ ਨੇ ਫ਼ੌਜ ਦੀ ਨੌਕਰੀ ਕੀਤੀ ਅਤੇ ਹੁਣ ਉਸ ਦਾ ਲੜਕਾ ਚੰਦ ਸਿੰਘ ਦੇਸ਼ ਦੀਆਂ ਸਰਹੱਦਾਂ ’ਤੇ ਮੋਰਚਾ ਸੰਭਾਲੀ ਬੈਠਾ ਹੈ। ਗੁਰਨਾਮ ਸਿੰਘ ਖ਼ੁਦ ਭਾਕਿਯੂ ਉਗਰਾਹਾਂ ਨਾਲ ਸਰਗਰਮੀ ਨਾਲ ਜੁੜਿਆ ਹੋਇਆ ਹੈ। 3 ਮਹੀਨਿਆਂ ਤੋਂ ਕਾਲੇ ਕਾਨੂੰਨਾਂ ਵਿਰੁੱਧ ਛਿੜੀ ਇਸ ਜੰਗ ਦੀ ਹਰ ਗਤੀਵਿਧੀ ’ਚ ਭਾਗੀਦਾਰ ਰਿਹਾ ਹੈ। ਪੁੱਤ ਦੇਸ਼ ਨੂੰ ਬਾਹਰੀ ਹਮਲਿਆਂ ਤੋਂ ਬਚਾ ਰਿਹਾ ਹੈ ਅਤੇ ਪਿਉ ਅੰਦਰੂਨੀ ਦੇਸ਼ ਵਿਰੋਧੀ ਤਾਕਤਾਂ ਨਾਲ ਜੂਝ ਰਿਹਾ ਹੈ।
ਉਗੋਕੇ ਦਾ ਦਰਸ਼ਨ ਸਿੰਘ ਦਿੱਲੀ ਦੀ ਹੱਦ ’ਤੇ ਕਿਸਾਨਾਂ ਲਈ ਅਤੇ ਉਸ ਦਾ ਫ਼ੌਜੀ ਪੁੱਤ ਦੇਸ਼ ਦੀ ਹੱਦ ’ਤੇ ਦੇਸ਼ ਲਈ ਕੁਰਬਾਨ ਹੋਣ ਤੋਂ ਪਿੱਛੇ ਨਹੀਂ ਹਟ ਰਹੇ। ਦਰਸ਼ਨ ਦਾ ਭਰਾ ਸੂਬੇਦਾਰ ਅਮਰਜੀਤ ਸਿੰਘ 2011 ਵਿੱਚ ਪਹਿਲਾਂ ਹੀ ਸਰਹੱਦ ’ਤੇ ਦੁਸ਼ਮਣਾਂ ਨਾਲ ਲੜਨਾ ਸ਼ਹੀਦੀ ਪਾ ਚੁੱਕਿਆ ਹੈ। ਦਰਸ਼ਨ ਭਾਕਿਯੂ ਡਕੌਂਦਾ ਦਾ ਜ਼ਿਲ੍ਹਾ ਪ੍ਰਧਾਨ ਹੈ, ਜੋ ਮੋਰਚੇ ਲਈ ਕਿਸਾਨਾਂ ਦੀ ਅਗਵਾਈ ਵੀ ਕਰ ਰਿਹਾ ਹੈ। ਪਿੰਡ ਬਦਰੇ ਦਾ ਸਾਬਕਾ ਫ਼ੌਜੀ ਗੁਰਪ੍ਰੀਤ ਸਿੰਘ ਖ਼ੁਦ ਕਿਸਾਨੀ ਸੰਘਰਸ਼ ’ਚ ਸ਼ਾਮਲ ਹੋਣ ਦੇ ਨਾਲ ਨਾਲ ਦਿੱਲੀ ਜਾਣ ਵਾਲੀਆਂ ਗੱਡੀਆਂ ਨੂੰ ਫ਼ੰਡ ਦੇ ਰਿਹਾ ਹੈ। ਸਤਗੁਰ ਸਿੰਘ ਕਾਲੇਕੇ ਦੇਸ਼ ਤੋਂ ਬਾਅਦ ਆਪਣੀ ਜ਼ਮੀਨ ਲਈ ਲੜਾਈ ਲੜ ਰਿਹਾ ਹੈ।
26 ਨਵੰਬਰ ਤੋਂ ਲਗਾਤਾਰ ਦਿੱਲੀ ਦੀ ਹੱਦ ’ਤੇ ਮੋਰਚੇ ’ਚ ਡਟੇ ਖੜੇ ਸਾਬਕਾ ਫ਼ੌਜੀ ਸੰਪੂਰਨ ਸਿੰਘ ਚੂੰਘਾਂ ਨੇ ਕਿਹਾ,‘ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਨੂੰ ਲੁੱਟ ਕੇ ਖਾਧਾ ਹੈ, ਉਹੀ ਅੱਜ ਸਾਨੂੰ ਅਤਿਵਾਦੀ ਆਖ ਰਹੇ ਹਨ। ਸਾਡੇ ਲਈ ਦੇਸ਼ ਦੇ ਨਾਲ ਨਾਲ ਸਾਡੀਆਂ ਜ਼ਮੀਨਾਂ ਵੀ ਜਾਨ ਤੋਂ ਪਿਆਰੀਆਂ ਹਨ। ਅਤਿਵਾਦੀ ਹੱਕ ਮੰਗਣ ਵਾਲੇ ਕਿਸਾਨ ਨਹੀਂ, ਬਲਕਿ ਕਾਲੇ ਕਾਨੂੰਨਾਂ ਰਾਹੀਂ ਅੰਨਦਾਤੇ ’ਤੇ ਜ਼ੁਲਮ ਕਰਨ ਵਾਲੇ ਹਾਕਮ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਸਾਬਕਾ ਫ਼ੌਜੀ ਦਿੱਲੀ ਦੀ ਹੱਦ ’ਤੇ ਕੇਂਦਰ ਸਰਕਾਰ ਵਿਰੁੱਧ ਡਟੇ ਹੋਏ ਹਨ। ਜੋ ਕਾਨੂੰਨ ਰੱਦ ਹੋਣ ਤੱਕ ਵਾਪਸ ਘਰਾਂ ਨੂੰ ਮੁੜਨ ਵਾਲੇ ਨਹੀਂ ਹਨ।’