ਪੱਤਰ ਪ੍ਰੇਰਕ
ਮਾਨਸਾ, 29 ਜੂਨ
ਜ਼ਿਲ੍ਹਾ ਭਾਸ਼ਾ ਦਫ਼ਤਰ ਮਾਨਸਾ ਵੱਲੋਂ ਵਾਰਿਸ ਸ਼ਾਹ ਦੀ 300 ਸਾਲਾ ਜਨਮ ਸ਼ਤਾਬਦੀ ਮੌਕੇ ਸਮਾਰੋਹ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਸੁਖਦੀਪ ਸਿੰਘ ਨੇ ਕੀਤੀ ਤੇ ਵਿਸ਼ੇਸ਼ ਮਹਿਮਾਨ ਵਜੋਂ ਗੀਤਕਾਰ ਗਾਇਕ ਬਲਜਿੰਦਰ ਸੰਗੀਲਾ ਸ਼ਾਮਲ ਹੋਏ। ਇਸ ਮੌਕੇ ਹੀਰ ਵਾਰਿਸ ਬਾਰੇ ਬੋਲਦਿਆਂ ਪ੍ਰੋ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਹੀਰ ਨੂੰ ਹਰ ਕਿਸੇ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਪੜ੍ਹਿਆ ਹੈ ਤੇ ਆਪਣੀਆਂ ਧਾਰਨਾਵਾਂ ਬਣਾਈਆਂ ਹਨ ਤੇ ਇਸ ਕਿੱਸੇ ਵਿੱਚ ਝਗੜਾ-ਕਾਵਿ ਭਾਰੂ ਹੈ। ਆਲ ਇੰਡੀਆ ਪੀਪਲਜ਼ ਫੌਰਮ ਦੇ ਆਗੂ ਸੁਖਦਰਸ਼ਨ ਨੱਤ ਨੇ ਕਿਹਾ ਕਿ ਵਾਰਿਸ ਸ਼ਾਹ ਖਾਸ ਇਤਿਹਾਸਕ ਦੌਰ ਦੀ ਪੈਦਾਵਾਰ ਸੀ ਅਤੇ ਉਸ ਸਮੇਂ ਦਾ ਇਤਿਹਾਸ ਕਿੱਸੇ ਵਿੱਚੋਂ ਝਲਕਦਾ ਹੈ। ਉਨ੍ਹਾਂ ਦੱਸਿਆ ਕਿ ਵਾਰਿਸ ਸ਼ਾਹ ਦੀ ਲਿਖਤ ਵਿਚ ਧਾਰਮਿਕ ਕੱਟੜਤਾ ਨਹੀਂ ਹੈ। ਸੰਵਾਦ ਵਿੱਚ ਹਿੱਸੇ ਲੈਂਦਿਆਂ ਰਾਜਵਿੰਦਰ ਮੀਰ, ਪ੍ਰੋ. ਬੱਲਮ ਲੀਂਬਾ, ਡਾ. ਕੁਲਦੀਪ ਸਿੰਘ, ਸੁਖਚਰਨ ਸਿੰਘ ਸੱੱਦੇਵਾਲੀਆ ਨੇ ਕਿਹਾ ਕਿ ਹੀਰ ਸਾਡੇ ਸਭਿਆਚਾਰ ਦਾ ਹਿੱਸਾ ਹੈ। ਇਸ ਮੌਕੇ ਸਾਹਿਤਕਾਰਾਂ ਦਾ ਸਨਮਾਨ ਵੀ ਕੀਤਾ ਗਿਆ।