ਪੱਤਰ ਪ੍ਰੇਰਕ
ਭੁੱਚੋ ਮੰਡੀ, 30 ਅਗਸਤ
ਇੱਥੇ ਲਿਟਲ ਕਿਡਜ਼ ਪਲੇਅ ਵੇਅ ਸਕੂਲ ਵਿੱਚ ਜਨਮ ਅਸ਼ਟਮੀ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਭਗਵਾਨ ਕ੍ਰਿਸ਼ਨ, ਰਾਧਾ ਅਤੇ ਸੁਦਾਮਾ ਦੇ ਭੇਸ ਵਿੱਚ ਸਜੇ ਨੰਨ੍ਹੇ ਬੱਚਿਆਂ ਨੇ ਕ੍ਰਿਸ਼ਨ ਦੇ ਗੀਤਾਂ ’ਤੇ ਨਾਚ ਕੀਤਾ। ਪਲੇਅ ਵੇਅ ਦੀ ਸੰਚਾਲਕ ਮਹਿਕ ਜਿੰਦਲ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ।
ਮਾਨਸਾ (ਪੱਤਰ ਪ੍ਰੇਰਕ): ਸ੍ਰੀ ਸਨਾਤਨ ਧਰਮ ਸਭਾ ਵਲੋਂ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਕ੍ਰਿਸ਼ਨ ਲੀਲਾ ਦੇ ਪੰਜ ਰੋਜ਼ਾ ਸਮਾਗਮ ਦੇ ਚੌਥੇ ਦਿਨ ਦੀ ਸ਼ੁਰੂਆਤ ਮੌਕੇ ਜੋਤੀ ਪ੍ਰਚੰਡ ਦੀ ਰਸਮ ਅਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਪ੍ਰੋਸ਼ਤਮ ਦਾਸ ਬਾਂਸਲ ਅਤੇ ਝੰਡੇ ਦੀ ਰਸਮ ਮੀਲੇਨੀਅਮ ਸਕੂਲ ਦੇ ਐੱਮ.ਡੀ ਅਰਪ੍ਰੀਤ ਚੌਧਰੀ ਨੇ ਅਦਾ ਕੀਤੀ। ਅਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਕਿਹਾ ਕਿ ਇਸ ਮੌਕੇ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦਾ ਰਾਹ ਵਿੱਚ ਭਰਵਾਂ ਸਵਾਗਤ ਕੀਤਾ ਗਿਆ।
ਸ਼ਹਿਣਾ (ਪੱਤਰ ਪ੍ਰੇਰਕ): ਇਥੋਂ ਦੇ ਗੀਤਾ ਭਵਨ ਅਤੇ ਲਕਸ਼ਮੀ ਨਰਾਇਣ ਮੰਦਰ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤ ਨੇ ਭਗਵਾਨ ਕ੍ਰਿਸ਼ਨ ਅਤੇ ਠਾਕੁਰਾਂ ਦੀ ਪੂਜਾ ਕੀਤੀ। ਲਾਗਲੇ ਪਿੰਡ ਉਗੋਕੇ, ਬੱਲੋਕੇ, ਭਗਤਪੁਰਾ ਵਿੱਚ ਵੀ ਜਨਮ ਅਸ਼ਟਮੀ ਮਨਾਈ ਗਈ।
ਬਰੇਟਾ (ਪੱਤਰ ਪ੍ਰੇਰਕ): ਇਥੇ ਕ੍ਰਿਸ਼ਨਾ ਮੰਦਿਰ ਅਤੇ ਗਊਸ਼ਾਲਾ ਕਮੇਟੀ ਵੱਲੋਂ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਕ੍ਰਿਸ਼ਨ, ਰਾਧਾ ਤੇ ਸ਼ਿਵ ਭਗਵਾਨ ਦੀਆਂ ਸੁੰਦਰ ਝਾਕੀਆਂ ਕੱਢੀਆਂ ਗਈਆਂ।
ਫਾਜ਼ਿਲਕਾ (ਪਰਮਜੀਤ ਸਿੰਘ): ਸਰਕਾਰੀ ਪ੍ਰਾਇਮਰੀ ਸਕੂਲ ਮੁਹੰਮਦ ਅਮੀਰਾ ਵਿੱਚ ਸਕੂਲ ਅਧਿਆਪਕਾ ਮਮਤਾ ਸਚਦੇਵਾ ਅਤੇ ਸ਼ੈਲ ਕੁਮਾਰੀ ਵੱਲੋਂ ਸਕੂਲ ਪ੍ਰਬੰਧਕ ਕਮੇਟੀ ਅਤੇ ਮਾਪਿਆਂ ਦੇ ਸਹਿਯੋਗ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ।