ਲਖਵਿੰਦਰ ਸਿੰਘ
ਮਲੋਟ, 3 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਸੂਬੇ ਵਿੱਚ ਵੱਡੇ ਪੱਧਰ ’ਤੇ ਖੇਡ ਮੈਦਾਨ ਬਣਾਉਣ ਦੀ ਵਚਨਬੱਧਤਾ ਦੁਹਰਾਈ ਗਈ ਹੈ ਪਰ ਮਲੋਟ ਦੇ ਬਾਹਰਵਾਰ ਪਿੰਡ ਸੇਖੂ ਦੇ ਅੱਠ ਏਕੜ ਪੰਚਾਇਤੀ ਰਕਬੇ ਵਿੱਚ ਸਾਲ 2016 ’ਚ ਅਕਾਲੀ ਸਰਕਾਰ ਮੌਕੇ ਕਰੀਬ 7 ਕਰੋੜ ਦੀ ਲਾਗਤ ਨਾਲ ਮੰਡੀਕਰਨ ਬੋਰਡ ਦੀ ਨਿਗਰਾਨੀ ਹੇਠ ਸ਼ੁਰੂ ਹੋਇਆ ਖੇਡ ਸਟੇਡੀਅਮ ਅੱਜ ਵੀ ਅਧੂਰਾ ਹੈ।
ਵਾਰਡ ਨੰਬਰ 8 ਦੇ ਕੌਂਸਲਰ ਜਗਤਾਰ ਸਿੰਘ ਬਰਾੜ ਅਤੇ ਸਾਬਕਾ ਸਰਪੰਚ ਸੁਖਪਾਲ ਸਿੰਘ ਨੇ ਦੱਸਿਆ ਕਿ 2016 ਵਿੱਚ ਅਕਾਲੀ ਸਰਕਾਰ ਮੌਕੇ ਸਟੇਡੀਅਮ ਲਈ ਕਰੀਬ 7 ਕਰੋੜ ਦੀ ਗ੍ਰਾਂਟ ਮਨਜ਼ੂਰ ਹੋਈ ਸੀ ਅਤੇ 2017 ਵਿੱਚ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਸਾਰੇ ਫੰਡ ਵਾਪਸ ਮੰਗਵਾ ਲਏ ਗਏ। ਇਸ ਮਗਰੋਂ ਕਾਂਗਰਸ ਨੇ ਆਪਣੇ ਕਾਰਜਕਾਲ ਦੇ ਅਖੀਰਲੇ ਮਹੀਨਿਆਂ ਦੌਰਾਨ ਸਟੇਡੀਅਮ ਲਈ 2 ਕਰੋੜ ਰੁਪਏ ਜਾਰੀ ਕਰਵਾਏ ਪਰ ਸਟੇਡੀਅਮ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਖੇਡ ਸਟੇਡੀਅਮ ਨਾ ਹੋਣ ਕਾਰਨ ਖਿਡਾਰੀ ਨਿਰਾਸ਼ ਹਨ। ਆਗੂਆਂ ਨੇ ਕਿਹਾ ਕਿ ਸਟੇਡੀਅਮ ਦਾ ਮਸਲਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਚਾਰਨਾ ਚਾਹੀਦਾ ਹੈ। ਇਲਾਕੇ ਦੇ ਬਹੁਤੇ ਖਿਡਾਰੀਆਂ ਨੇ ਗੱਲ ਕਰਦਿਆਂ ਕਿਹਾ ਕਿ ਜੇਕਰ ਇਸ ਸਟੇਡੀਅਮ ਨੂੰ ਮੁਕੰਮਲ ਕਰਕੇ ਅਤੇ ਆਧੁਨਿਕ ਸਹੂਲਤਾਂ ਨਾਲ ਲੈੱਸ ਕਰਕੇ ਚਾਲੂ ਕੀਤਾ ਜਾਵੇ ਤਾਂ ਮਲੋਟ ਦੇ ਸੈਂਕੜੇ ਖਿਡਾਰੀ ਸੂਬੇ ਅਤੇ ਸ਼ਹਿਰ ਦਾ ਨਾਮ ਰੌਸ਼ਨ ਕਰ ਸਕਦੇ ਹਨ। ਇਸ ਸਬੰਧੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਖੇਡ ਸਟੇਡੀਅਮ ਅਤੇ ਬੱਸ ਅੱਡੇ ਨੂੰ ਉਹ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਵਾਇਆ ਜਾਵੇਗਾ ਅਤੇ ਜਲਦੀ ਇੱਥੇ ਕੰਮ ਸ਼ੁਰੂ ਹੋ ਜਾਵੇਗਾ।