ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 21 ਮਾਰਚ
ਬਰਡਜ਼ ਇਨਵਾਇਰਨਮੈਂਟ ਐਂਡ ਅਰਥ ਰੀਵਾਈਵਿੰਗ ਹੈਂਡਜ਼ ਸੁਸਾਇਟੀ (ਬੀੜ) ਵੱਲੋਂ ਨੇੜਲੇ ਪਿੰਡ ਜੰਡਵਾਲਾ ਵਿੱਚ ਗਾਰਡਨ ਲਾਇਬ੍ਰੇਰੀ ਅਤੇ ਪੰਛੀ ਪਾਰਕ ਸਥਾਪਿਤ ਕੀਤਾ। ਪਿੰਡ ਦੀ ਨੌਜਵਾਨ ਸਭਾ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ। ਸੁਸਾਇਟੀ ਦੇ ਨੁਮਾਇੰਦੇ ਮਾਸਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਸਭਾ ਜੰਡਵਾਲਾ ਵੱਲੋਂ ਸਰਾਂ ਪਰਿਵਾਰ ਫ਼ਰੀਦਕੋਟ ਅਤੇ ਸਰਾਂ ਪਰਿਵਾਰ ਅਡਮਿੰਟਨ ਦੇ ਸਹਿਯੋਗ ਨਾਲ ਇਹ ਗਾਡਰਨ ਲਾਇਬ੍ਰੇਰੀ ਅਤੇ ਪੰਛੀ ਪਾਰਕ ਬਲਵਿੰਦਰ ਸਿੰਘ ਸਰਾ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ। ਲਾਇਬ੍ਰੇਰੀ ਦਾ ਉਦਘਾਟਨ ਪਿੰਡ ਦੀਆਂ ਮਿਹਨਤੀ ਬੀਬੀਆਂ ਵੱਲੋਂ ਕੀਤਾ ਗਿਆ। ਮਾਸਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਾਇਬ੍ਰੇਰੀ ਗਾਰਡਨ ਅਤੇ ਪੰਛੀ ਪਾਰਕ ਵਿੱਚ ਕੁਦਰਤੀ ਮਾਹੌਲ ਸਿਰਜਣ ਲਈ ਫਰਸ਼ ਲਾਉਣ ਦੀ ਥਾਂ ਬੀਬੀਆਂ ਵਲੋਂ ਮਿੱਟੀ ਦੀ ਲਪਾਈ ਕੀਤੀ ਗਈ। ਉਦਘਾਟਨੀ ਸਮਾਗਮ ਦੌਰਾਨ ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਾ. ਰਾਜੀਵ ਮਿਨਹਾਸ ਮੁਖੀ ਲਾਇਬ੍ਰੇਰੀ ਵਿਭਾਗ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ, ਡਾ. ਗੁਰਚਰਨ ਨੂਰਪੁਰ, ਡਾ. ਨਿੱਤਨੇਮ ਸਿੰਘ, ਪੰਮੀ ਸਿੱਧੂ ਅਤੇ ਕੈਪਟਨ ਧਰਮ ਸਿੰਘ ਗਿੱਲ ਨੇ ਗਾਰਡਨ ਲਾਇਬ੍ਰੇਰੀ ਦੀ ਮਹੱਤਤਾ ’ਤੇ ਚਾਨਣਾ ਪਾਹਿਆ। ਮਾਸਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਾਇਬ੍ਰੇਰੀ ਲਈ ਕਾਫ਼ੀ ਚੋਣਵੀਂਆਂ ਕਿਤਾਬਾਂ ਪ੍ਰਸਿੱਧ ਸਾਹਿਤਕਾਰਾਂ ਵੱਲੋਂ ਤੋਹਫ਼ੇ ਵਜੋਂ ਦਿੱਤੀਆਂ ਗਈਆਂ ਹਨ।